ਕਵੀਸ਼ਰੀ ਰੰਗ ਭਾਗ ਦੂਜਾ

 ਕਵੀਸ਼ਰੀ ਰੰਗ ਭਾਗ ਦੂਜਾ


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 122
ਕਿਤਾਬ ਦੀ ਕੀਮਤ = 199/- ਰੁਪਏ
ਰਿਆਇਤ (Discount 10%) = 20/- ਰੁਪਏ
ਕੁੱਲ ਖਰਚ = 179/- ਰੁਪਏ
ਭੇਜਣ ਦਾ ਖਰਚ (Shipping Charges) = 50/- ਰੁਪਏ
ਕੁੱਲ ਭੁਗਤਾਨਯੋਗ ਰਕਮ = 230/- ਰੁਪਏ

ਜਿਲਦ = Paperback
ਕਿਤਾਬ ਦੀ ਕੀਮਤ = 199/- ਰੁਪਏ
ਰਿਆਇਤ (Discount 60%) = 120/- ਰੁਪਏ
ਕੁੱਲ ਖਰਚ = 79/- ਰੁਪਏ
ਭੇਜਣ ਦਾ ਖਰਚ (Shipping Charges) = 20/- ਰੁਪਏ
ਕੁੱਲ ਭੁਗਤਾਨਯੋਗ ਰਕਮ = 99/- ਰੁਪਏਮਾਣ-ਪੱਤਰ

ਕਾਵਿ-ਮਾਰ-ਤੰਡ ਬ੍ਰਹਮਲੀਨ ਪੰਡਤ ਬਰਮਾਨੰਦ ਜੀ ਡਿੱਖਾਂ ਵਾਲਿਆਂ ਦੇ ਸੈਂਕੜੇ ਨਾਮਵਰ ਸ਼ਗੀਰਦਾਂ ਵਿੱਚੋਂ ਦਰਬਾਰਾ ਸਿੰਘ ਉੱਭਾ ਕਵੀਸ਼ਰੀ ਜਗਤ ਦੀ ਸ਼ਾਨ ਅਤੇ ਮਾਣ ਬਣਿਆ। ਆਪਣੇ ਗੁਰੂ ਦੀ ਅਤੇ ਵੱਡੇ ਗੁਰਭਾਈ ਸ਼ਿਵਦਿੱਤਾ ਦਾਸ ਜੀ ਦੇ ਅਣਗਿਣਤ ਪ੍ਰਸੰਗ ਦਰਬਾਰਾ ਸਿੰਘ ਨੂੰ ਕੰਠਸਥ ਹਨ। ਕਵੀਸ਼ਰੀ ਕਲਾ ਦੇ ਸਿਖਰ ਵੇਲੇ ਜਦੋਂ ਅਰਥਾਂ ਦੇ ਵਣਜਾਰੇ ਸ਼ਿਵਰਾਮ ਜੀ ਅਰਥ ਕਰਦੇ ਤਾਂ ਦਰਬਾਰੇ ਅਤੇ ਭੂਰੇ (ਅਕਲੀਆ) ਦੀਆਂ ਮਿੱਠੀਆਂ ਅਤੇ ਬੁਲੰਦ ਆਵਾਜਾਂ ਉਨਾਂ ਦੇ ਕੀਤੇ ਮਨੋਹਰ ਅਰਥਾਂ ਦੀ ਲਾਜ ਰੱਖਦੀਆਂ ਚੱਲ ਰਹੇ ਪ੍ਰਸੰਗ ਨੂੰ ਚਰਮਸੀਮਾ ਤੇ ਪਹੁੰਚਾ ਦਿੰਦੀਆਂ। ਜਦੋਂ ਕਦੇ ਦਰਾਬਾਰਾ-ਭੂਰਾ ਦੀ ਜੋੜੀ ਪੰਡਤ ਜੀ ਨਾਲ ਨਾ ਹੁੰਦੀ ਤਾਂ ਸਰੋਤਿਆਂ ਨੂੰ ਉਹ ਆਨੰਦ ਨਾ ਆਉਂਦਾ। ਦਰਬਾਰਾ ਸਿੰਘ ਨੂੰ ਕਵੀਸ਼ਰੀ ਕਲਾ ਨਾਲ ਸੱਚੇ ਦਿਲੋਂ ਮੋਹ ਹੈ। ਇੱਕ ਦਿਨ ਚਲਦੀਆਂ ਗੱਲਾਂ ਵਿੱਚ ਮੈਨੂੰ ਦਰਬਾਰਾ ਸਿੰਘ ਦੇ ਸ਼ਿਸ਼ ਹਾਕਮ ਸਿੰਘ ਨੇ ਦੱਸਿਆ ਕਿ ਗੁਰੂ ਜੀ ਪੈਸੇ ਦਾ ਮੋਹ ਤਾਂ ਘੱਟ ਕਰਦੇ ਹਨ ਪਰ ਜਿਸ ਦਿਨ ਮੈਂ ਤੇ ਜੀਤ ਦਿਲ ਲਾ ਕੇ ਗਾਉਂਦੇ ਸਰੋਤੇ ਝੂਮਣ ਲੱਗ ਜਾਂਦੇ ਤਾਂ ਪ੍ਰਸੰਗ ਪੂਰਾ ਹੋਣ ਤੇ ਬਹੁਤ ਹੀ ਖੁਸ਼ੀ ਵਿੱਚ ਕਹਿੰਦੇ ਕਿ ਅੱਜ ਨਜਾਰੇ ਆ ਗਏ। ਦਰਬਾਰਾ ਸਿੰਘ ਨੇ ਬਹੁਤ ਲੰਬਾ ਸਮਾਂ ਕਵੀਸ਼ਰੀ ਰਾਹੀਂ ਸੱਭਿਆਚਾਰ ਅਤੇ ਵਿਰਸੇ ਦੀ ਸੇਵਾ ਕੀਤੀ। ਕਵੀਸ਼ਰੀ ਦਾ ਯੁੱਗ ਹੋਣ ਕਰਕੇ ਪੰਡਤ ਸ਼ਿਵ ਰਾਮ ਜੀ ਦੇ ਜਥੇ ਵਿੱਚ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਵਿੱਚ ਵੀ ਜਾਂਦੇ। ਉਸ ਵੇਲੇ ਬਰਾਤਾਂ ਚਾਰ ਚਾਰ ਦਿਨ ਰਹਿੰਦੀਆਂ। ਇਹਨਾਂ ਦੀ ਮਧੁਰ ਗਾਇਕੀ ਦੇ ਲੋਕ ਇੰਨੇ ਕਾਇਲ ਸਨ ਕਿ ਇੱਕ ਵਾਰ ਬਰਗਾੜੀ ਪਿੰਡ ਵਿਖੇ ਬਰਾਤ ਨਾਲ ਗਏ। ਚਾਰ ਦਿਨ ਪੰਡਤ ਬ੍ਰਹਮਾਨੰਦ ਜੀ ਦੀ ਰਚਨਾ ਨਲ ਦਮਯੰਤੀ ਸੁਣਾਉਂਦੇ ਰਹੇ। ਲੰਬਾ ਤੇ ਸੁਆਦਲਾ ਪ੍ਰਸੰਗ ਪੰਡਤ ਸ਼ਿਵ ਰਾਮ ਦੇ ਅਰਥ ਅਤੇ ਦਰਬਾਰੇ ਹੋਰਾਂ ਦੀ ਗਾਇਕੀ ਬਰਾਤ ਚੌਥੇ ਦਿਨ ਵਾਪਸ ਪਰਤ ਆਈ ਪਰ ਪਿੰਡ ਵਾਲਿਆਂ ਨੇ ਬੇਨਤੀ ਕੀਤੀ ਕਿ ਇਸ ਪ੍ਰਸੰਗ ਨੂੰ ਪੂਰਾ ਕਰਕੇ ਜਾਇਓ। ਇਸ ਤਰ੍ਹਾਂ ਬਰਾਤ ਦੇ ਵਾਪਸ ਪਰਤਣ ਤੋਂ ਬਾਅਦ ਵੀ ਪਿੰਡ ਵਾਲਿਆਂ ਦੀ ਪਿਆਰ ਭਰੀ ਮਹਿਮਾਨ ਨਵਾਜੀ ਦਾ ਆਨੰਦ ਮਾਣਦੇ ਰਹੇ। ਇਸ ਨੂੰ ਕਹਿੰਦੇ ਹਨ ਕਲਾ ਅਤੇ ਕਲਾ ਦਾ ਮੁੱਲ। 

ਪ੍ਰਮਾਤਮਾ ਵੱਲੋਂ ਬਖਸ਼ੇ ਸੁੰਦਰ ਸਰੀਰ, ਨੈਣ ਨਕਸ਼ ਦਾ ਮਾਲਕ ਦਰਬਾਰਾ ਸਿੰਘ ਸਟੇਜ ਦਾ ਸ਼ਿੰਗਾਰ ਹੁੰਦਾ ਸੀ। ਗਲ ਵਿੱਚ ਪਹਿਿਨਆ ਕੰਠਾ ਰੂਪ ਰੰਗ ਨੂੰ ਹੋਰ ਵੀ ਨਿਖਾਰ ਦਿੰਦਾ। ਹਰ ਪ੍ਰਕਾਰ ਦੇ ਛੰਦਾਂ ਨੂੰ ਕਈ ਵਨੰਗੀਆਂ ਵਿੱਚ ਗਾਉਣ ਦੀ ਮੁਹਾਰਤ ਰੱਖਣ ਵਾਲਾ ਦਰਬਾਰਾ ਸਿੰਘ ਆਪਣੇ ਸਮੇਂ ਦਾ ਸਿਰਕੱਢ ਕਵੀਸ਼ਰ ਹੈ। ਕਵੀਸ਼ਰਾਂ ਵਿੱਚ ਇੱਕ ਧਾਰਨਾ ਬਣ ਗਈ ਕਿ ਦਰਬਾਰਾ ਤਾਂ ਕਿਸੇ ਨੂੰ ਪਸੰਦ ਹੀ ਨਹੀਂ ਕਰਦਾ। ਜਦੋਂ ਮੈਂ ਦਰਬਾਰਾ ਸਿੰਘ ਨੂੰ ਨੇੜਿਓਂ ਤੱਕਿਆ ਤਾਂ ਜਾਣਿਆ ਕਿ ਪ੍ਰਸੰਸਾਯੋਗ ਕਵੀਸ਼ਰਾਂ ਦੀ ਦਰਬਾਰਾ ਸਿੰਘ ਪ੍ਰਸੰਸਾ ਕਰਦਾ ਹੈ। ਜਣੇ ਖਣੇ ਦੀ ਝੂਠੀ ਪ੍ਰਸੰਸਾ ਕਰਕੇ ਉਹ ਪ੍ਰਸੰਸਾ ਦੇ ਪਾਤਰ ਕਵੀਸ਼ਰਾਂ ਨੂੰ ਛੁਟਿਆਉਣਾ ਨਹੀਂ ਚਾਹੁੰਦਾ। ਛੰਦਾਂ ਨੂੰ ਸਹੀ ਲੈ ਸੁਰ ਵਿੱਚ ਗਾਉਣਾ ਅਤੇ ਸ਼ਬਦਾਂ ਦਾ ਸ਼ੁੱਧ ਉਚਾਰਨ ਦਰਬਾਰਾ ਸਿੰਘ ਦੀ ਗਾਇਕੀ ਵਿੱਚੋਂ ਸਿੱਖਿਆ ਜਾ ਸਕਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਉਸਦੇ ਪੰਜ ਸ਼ਾਗਿਰਦਾਂ ਵਿੱਚੋਂ ਇੱਕ ਤੋਂ ਇੱਕ ਵੱਧਕੇ ਹੈ। ਉਸ ਦੇ ਜਥੇ ਵਿੱਚ ਸ਼ਾਮਿਲ ਹਾਕਮ ਅਤੇ ਜੀਤ ਦੀ ਗਾਇਕੀ ਤਾਂ ਕਈ ਵਾਰ ਦਰਬਾਰੇ ਅਤੇ ਭੂਰੇ ਦਾ ਭੁੱਲੇਖਾ ਪਾਉਂਦੀ ਹੈ। ਇਸੇ ਹਾਕਮ ਅਤੇ ਜੀਤ ਦੇ ਸਾਥ ਕਰਕੇ ਦਰਬਾਰਾ ਸਿੰਘ ਨੇ ਪੰਜਾਬ ਭਰ ਦੇ ਕਵੀਸ਼ਰਾਂ ਵਿੱਚੋਂ ਬੱਧਨੀ ਕਲਾਂ ਵਿਖੇ ਗੋਲਡ ਮੈਡਲ ਪ੍ਰਾਪਤ ਕਰਕੇ ਪੰਡਤ ਬ੍ਰਹਮਾਨੰਦ ਜੀ ਦੀ ਕਾਵਿ ਫੁਲਵਾੜੀ ਦਾ ਮਾਣ ਵਧਾਇਆ। 

ਜਿੱਥੇ ਕਵੀਸ਼ਰੀ ਗਾਇਨ ਵਿੱਚ ਦਰਬਾਰਾ ਸਿੰਘ ਨੇ ਅਨੇਕਾਂ ਮਾਣ, ਸਨਮਾਨ ਹਾਸਲ ਕੀਤੇ ਉਥੇ ਕਵੀਸ਼ਰੀ ਪ੍ਰਸੰਗ ਲਿਖਣ ਵਿੱਚ ਵੀ ਉਸ ਦਾ ਵਿਸ਼ੇਸ਼ ਸਥਾਨ ਹੈ। ਉਸਨੇ ਸਵੈ ਰਚਿਤ ਪ੍ਰਸੰਗਾਂ ਨੂੰ ਹਾਕਮ ਅਤੇ ਜੀਤ ਦੀ ਜੋੜੀ ਨਾਲ ਸਰੋਤਿਆਂ ਦੇ ਸਨਮੁੱਖ ਰੱਖਿਆ। ਕਵੀਸ਼ਰੀ ਵਿਧਾ ਦੇ ਵੰਨ ਸੁਵੰਨੇ ਛੰਦਾਂ ਵਿੱਚ ਸ਼ਿੰਗਾਰੇ ਪ੍ਰਸੰਗ ਇਨੇ ਵਧੀਆ ਹਨ ਕਿ ਹੋਰਾਂ ਜਥੇ ਨੇ ਵੀ ਉਸਦੇ ਰਚੇ ਪ੍ਰਸੰਗਾਂ ਨੂੰ ਗਾ ਕੇ ਨਾਮਣਾ ਖੱਟਿਆ। ਇਸ ਕਾਰਜ ਵਿੱਚ ਦਰਬਾਰਾ ਸਿੰਘ ਆਪਣੇ ਉਸਤਾਦ ਪੰਡਤ ਬ੍ਰਹਮਾਨੰਦ ਜੀ ਨੂੰ ਨਤਮਸਤਕ ਹੁੰਦੇ ਹੋਏ ਲਿਖਦਾ ਹੈ :-

ਜਿੰਨਾਂ ਕੋਲੋਂ ਕਵਿਤਾ ਬਣਾਉਣੀ ਸਿੱਖਿਆ

ਪੰਗਤੀ ਮੜਕਦਾਰ ਪਾਉਣੀ ਸਿੱਖਿਆ

ਮੇਰੇ ਗੁਰੂ ਅੱਜ ਘੱਟ ਨਹੀਂ ਵਿਆਸ ਤੋਂ

ਕਰਲੈ ਸਬਰ ਹਉਂਕੇ ਲੈਂਦੀ ਕਾਸ ਤੋਂ

ਆਪਣੇ ਗੁਰੂਦੇਵ, ਗੁਰਭਾਈਆਂ ਅਤੇ ਹੋਰ ਸਨਮਾਣਯੋਗ ਕਵੀਸ਼ਰਾਂ ਦੀਆਂ ਰਚਨਾਵਾਂ ਵੀ ਉਹ ਸਟੇਜਾਂ ਤੋਂ ਪੇਸ਼ ਕਰਨ ਵਿੱਚ ਗੌਰਵ ਮਹਿਸੂਸ ਕਰਦਾ ਹੈ। ਸ਼ਿਵਦਿੱਤਾ ਦਾਸ ਦੀ ਪ੍ਰਸੰਸਾ ਕਰਦੇ ਇੱਕ ਦਿਨ ਉਸਨੇ ਦੱਸਿਆ ਕਿ ਮੈਨੂੰ ‘ਗੁੱਜਰੀ’ ਅੱਖਰ ਅੱਖਰ ਕੰਠਸਥ ਹੈ ਆਪਣੇ ਨਗਰ ਉੱਭਾ ਵਿਖੇ ਦਰਬਾਰਾ ਸਿੰਘ ਦਾ ਬਹੁਤ ਮਾਣ ਤਾਣ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਨਗਰ ਪੂਜਨੀਕ ਮਾਤਾ ਬਿਮਲਾ ਦੇਵੀ ਜੀ ਦੇ ਪਵਿੱਤਰ ਸਥਾਨ ਤੇ ਲੱਗਣ ਵਾਲੇ ਮੇਲੇ ਵਿੱਚ ਉਸਦੇ ਜਥੇ ਦੀ ਲਗਾਤਾਰ ਹਰ ਵਾਰ ਸ਼ਮੂਲੀਅਤ ਤੋਂ ਹੁੰਦੀ ਹੈ। ਪ੍ਰਬੰਧਕਾਂ ਵੱਲੋਂ ਜਿੱਥੇ ਹਰ ਸਾਲ ਚੋਟੀ ਦੇ ਜਥੇ ਮੰਗਵਾਏ ਜਾਂਦੇ ਹਨ। ਉਥੇ ਦਰਬਾਰਾ ਸਿੰਘ ਦੇ ਜਥੇ ਦਾ ਸਥਾਨ ਰਾਖਵਾਂ ਹੈ। ਸਾਡੇ ਜਥੇ ਨੂੰ ਵੀ ਮੰਦਰ ਕਮੇਟੀ ਵੱਲੋਂ ਬੁਲਾਇਆ ਜਾਂਦਾ ਹੈ ਤਾਂ ਦਰਬਾਰਾ ਸਿੰਘ ਨੂੰ ਬਹੁਤ ਖੁਸ਼ੀ ਹੁੰਦੀ ਹੈ ਆਪਣਾ ਛੋਟਾ ਗੁਰਭਾਈ ਹੋਣ ਕਰਕੇ ਅਤੇ ਉੱਭਾ ਵਿਖੇ ਮੇਰੇ ਬੱਚਿਆਂ ਦੇ ਨਾਨਕੇ ਹੋਣ ਕਰਕੇ ਦਰਬਾਰਾ ਸਿੰਘ ਵੱਲੋਂ ਮੈਨੂੰ ਬਹੁਤ ਪਿਆਰ ਸਤਿਕਾਰ ਮਿਲਦਾ ਹੈ। ਜਿੰਦਗੀ ਦੇ ਅੱਠ ਦਹਾਕੇ ਪਾਰ ਕਰ ਚੁੱਕਿਆ ਦਰਬਾਰਾ ਸਿੰਘ ਜਦੋਂ ਕਵੀਸ਼ਰੀ ਦੇ ਸੁਨਹਿਰੀ ਕਾਲ ਦੀਆਂ ਯਾਦਾਂ ਸਾਂਝੀਆਂ ਕਰਦਾ ਹੈ ਤਾਂ ਕਿਸੇ ਪ੍ਰਸੰਗ ਸੁਣਨ ਵਰਗਾ ਹੀ ਆਨੰਦ ਆਉਂਦਾ ਹੈ। ਰੱਬ ਉਸ ਨੂੰ ਤੰਦਰੁਸਤੀ ਭਰੀ ਹੋਰ ਲੰਬੀ ਆਯੂ ਬਖਸ਼ਿਸ਼ ਕਰੇ ਤਾਂ ਕਿ ਉਹ ਆਪਣੇ ਸ਼ਾਗਿਰਦਾਂ ਅਤੇ ਜਗਿਆਸੂਆਂ ਨੂੰ ਕਵੀਸ਼ਰੀ ਦੀਆਂ ਬਾਰੀਕੀਆਂ ਦੱਸਦਾ ਰਹੇ। ਹੱਥਲੀ ਕਿਤਾਬ ਰੰਗ ਕਵੀਸ਼ਰੀ-2 ਵਿੱਚ ਪ੍ਰਸੰਗ ਐਹਲਾਵਤੀ, ਗਊ ਹਰਨ ਅਤੇ ਚਕਰਵਿਊ ਛਪਵਾਉਣ ਵਿੱਚ ਮੇਰੇ ਸ਼ਿਸ਼ ਦਰਸ਼ਨ ਸਿੰਘ ਭੰਮੇ ਦਾ ਵੱਡਮੁੱਲਾ ਯੋਗਦਾਨ ਹੈ। ਆਪਣੇ ਤਾਇਆ ਗੁਰੂ ਦਰਬਾਰਾ ਸਿੰਘ ਪ੍ਰਤੀ ਸਤਿਕਾਰ ਪਿਆਰ ਦੀ ਭਾਵਨਾ ਰੱਖਦੇ ਹੋਏ ਇਸ ਸਾਹਿਤਕ ਕਾਰਜ ਨੂੰ ਨੇਪਰੇ ਚਾੜਨ ਵਿੱਚ ਭੰਮੇ ਦੀ ਮਿਹਨਤ ਲਈ ਉਸ ਨੂੰ ਬਹੁਤ ਬਹੁਤ ਅਸ਼ੀਰਬਾਦ। ਅੰਤ ਵਿੱਚ ਦਰਬਾਰਾ ਸਿੰਘ ਦੇ ਸਨਮਾਣ ਵਿੱਚ ਉਸ ਦੇ ਰਚੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸੰਗ ਵਿੱਚੋਂ ਹੀ ਪੰਗਤੀਆਂ ਕਹਿ ਕੇ ਇਸ ਮਾਣ ਪੱਤਰ ਨੂੰ ਸਮਾਪਤ ਕਰਦਾ ਹਾਂ :-

ਮੰਨੋ ਜਾਂ ਨਾ ਮੰਨੋ ਹੈ ਸ਼ਿੰਗਾਰ ਉੱਭੇ ਦਾ

ਲਿਖੇ ਇਤਿਹਾਸ ਦਰਬਾਰ ਉੱਭੇ ਦਾ

ਨਾਲੇ ਮਹਾਂਭਾਰਤ, ਰਮਾਇਣ ਜਾਣਦਾ

ਦੁਖੀ ਦੇ ਦਰਦ ਮੁੱਲ ਲੈਣ ਜਾਣਦਾ

- ਰੇਬਤੀ ਪ੍ਰਸਾਦ ਸ਼ਰਮਾ

ਰਾਸ਼ਟਰਪਤੀ ਅਵਾਰਡੀ

ਪ੍ਰਧਾਨ ਕਵੀਸ਼ਰੀ ਵਿਕਾਸ ਮੰਚ ਰਜਿ:

ਤਲਵੰਡੀ ਸਾਬੋ।

93570-10725


Post a Comment

0 Comments