ਵਿਰਸੇ ਦੀਆਂ ਪੌਣਾਂ

 ਵਿਰਸੇ ਦੀਆਂ ਪੌਣਾਂ 


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 126
ਕਿਤਾਬ ਦੀ ਕੀਮਤ = 230/- ਰੁਪਏ
ਰਿਆਇਤ (Discount 80%) = 161/- ਰੁਪਏ
ਕੁੱਲ ਖਰਚ = 69/- ਰੁਪਏ
ਭੇਜਣ ਦਾ ਖਰਚ (Shipping Charges) = 50/- ਰੁਪਏ
ਕੁੱਲ ਭੁਗਤਾਨਯੋਗ ਰਕਮ = 119/- ਰੁਪਏਸਭਿਆਚਾਰਕ ਵਿਰਸੇ ਨਾਲ ਸਹਿਜ ਸੰਵਾਦ ਰਚਾਉਂਦੀ ਪੁਸਤਕ

ਸੱਭਿਆਚਾਰ ਪੜਾਅ ਵਾਰ ਵਿਕਾਸ ਕਰਨ ਵਾਲਾ ਵਰਤਾਰਾ ਹੋਣ ਕਾਰਨ ਇਸਦੀ ਇਤਿਹਾਸਕਾਰੀ ਲਈ ਇਸਦੇ ਮੁੱਢਲੇ ਸਰੂਪ ਦੀ ਦਸਤਾਵੇਜੀ ਰੂਪ ਵਿੱਚ ਸੰਭਾਲ ਕਰਨਾ ਬਹੁਤ ਜਰੂਰੀ ਹੈ। ਪੂਰਵਜ਼ੀ ਸਭਿਆਚਾਰਕ ਵਿਰਸੇ ਦੀ ਇਤਿਹਾਸਕਾਰੀ ਦਾ ਕਾਰਜ ਆਮ ਕਰਕੇ ਉਨ੍ਹਾਂ ਲੋਕਾਂ ਤੇ ਉਨ੍ਹਾਂ ਲੋਕ ਸੰਸਥਾਵਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ ਜਿਹੜੇ ਇਸ ਨਾਲ ਮਾਨਸਿਕ ਤੌਰ ’ਤੇ ਜੁੜੇ ਹੋਏ ਹਨ। ਸਰਕਾਰੀ ਅਦਾਰਿਆਂ ਵੱਲੋਂ ਸਭਿਆਚਾਰਕ ਵਿਰਸੇ ਬਾਰੇ ਕਰਵਾਏ ਜਾਣ ਵਾਲੇ ਖੋਜ ਕਾਰਜਾਂ ਵਿਚ ਉਹ ਗਹਿਰਾਈ ਨਹੀਂ ਹੁਦੀ ਜੋ ਇਸ ਵਿਰਸੇ ਨਾਲ ਮਨੁੱਖ ਦੀ ਸਦੀਵੀ ਨੇੜਤਾ ਦੀਆਂ ਉਹ ਡੰੂਘੀਆਂ ਪਰਤਾਂ ਉਘੇੜ ਸਕੇ ਜੋ ਵਣਜਾਰਾ ਬੇਦੀ, ਦਵਿੰਦਰ ਸਤਿਆਰਥੀ ਜਾਂ ਮਨ ਮੋਹਨ ਬਾਵਾ ਵਰਗੇ ਵਿਰਸੇ ਦੇ ਆਸ਼ਕਾਂ ਨੇ ਉਘੇੜੀਆਂ ਹਨ। ਇਹ ਵੱਖਰੀ ਗੱਲ ਹੈ ਕਿ ਵਿਰਸੇ ਨਾਲ ਮੋਹ ਰੱਖਣ ਵਾਲੇ ਲੋਕਾਂ ਵੱਲੋਂ ਕੀਤੇ ਖੋਜ ਕਾਰਜਾਂ ਨੂੰ ਮਾਨਤਾ ਦੇਣਾ ਬਾਦ ਵਿੱਚ ਸਰਕਾਰਾਂ ਦੀ ਮਜਬੂਰੀ ਬਣ ਜਾਂਦੀ ਹੈ। ਤੁਹਾਡੇ ਹੱਥਾਂ ਵਿਚਲੀ ਪੁਸਤਕ ‘ਵਿਰਸੇ ਦੀਆਂ ਪੌਣਾਂ’ ਦਾ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਵੀ ਆਪਣੇ ਪੁਰਖਿਆਂ ਤੋਂ ਮਿਲੀ ਸਭਿਆਚਾਰਕ ਵਿਰਾਸਤ ਨਾਲ ਮਾਨਸਿਕ ਤੌਰ ’ਤੇ ਜੁੜਿਆ ਹੋਇਆ ਹੈ ਇਸ ਲਈ ਉਸਦੀਆਂ ਹੁਣ ਤੱਕ ਪ੍ਰਕਾਸ਼ਿਤ ਹੋਈਆਂ ਸਾਰੀਆਂ ਪੁਸਤਕਾਂ ਰਾਹੀਂ ਇਸ ਵਿਰਸੇ ਦੀ ਰੂਹਾਨੀਅਤ ਤੇ ਸੁਹਜ ਨੂੰ ਚੰਗੀ ਤਰ੍ਹਾਂ ਮਾਣਿਆ ਜਾ ਸਕਦਾ ਹੈ। ਵਿਰਸੇ ਦੀ ਸੰਭਾਲ ਦਾ ਕਾਰਜ ਉ ਆਪਣੀਆਂ ਲਿਖਤਾਂ ਰਾਹੀਂ ਵੀ ਕਰਦਾ ਹੈ ਤੇ ਆਪਣੀ ਸੁਰੀਲੀ ਅਵਾਜ਼ ਦੀ ਮਦਦ ਵੀ ਲੈਂਦਾ ਹੈ। ਉਸਦਾ ਆਪਣਾ ਇਕਬਾਲੀਆ ਬਿਆਨ ਹੈ :-

ਵਿਰਸਾ ਲਿਖ ਲਿਖ ਕੇ ਹੈ, ਛਪਵਾਇਆ ਸ਼ਰਮੇ ਨੇ।

ਆਪੇ ਲਿਖ ਕੇ ਆਪੇ ਹੀ ਹੈ ਗਾਇਆ ਸ਼ਰਮੇ ਨੇ।

ਆਜੋਕੀ ਪੀੜ੍ਹੀ ਭੁੱਲਦੀ ਜਾਂਦੀ ਗੱਲਾਂ ਇਹ ਤਾਂ ਜੀ

ਜਰ੍ਹੀਆ ਯਾਦ ਕਰਾਉਣ ਦਾ ਅਪਣਾਇਆ ਸ਼ਰਮੇ ਨੇ।

ਮਨੁੱਖੀ ਜੀਵਨ ਜਾਂਚ ਸਭਿਆ ਤੇ ਸਲੀਕੇਦਾਰ ਬਣਾਉਣ ਲਈ ਲਗਾਤਾਰ ਬਦਲਾਉ ਦੀ ਪ੍ਰੀਕ੍ਰਿਆ ਵਿਚੋਂ ਲੰਘ ਕੇ ਹੀ ਮਨੁੱਖੀ ਸਮਾਜ  ਆਪਣੀਆਂ ਤੱਤਕਾਲੀਨ ਸਮਾਜਿਕ ਲੋੜਾਂ ਅਨੁਸਾਰ ਆਪਣੇ ਰਸਮੋ ਰਿਵਾਜਾਂ, ਵਿਸ਼ਵਾਸ਼ਾਂ, ਸ਼ਿਸ਼ਟਾਚਾਰਾਂ ਤੇ ਕਰਮਕਾਂਡਾਂ ਦਾ ਨਿਰਮਾਣ ਕਰਦਾ ਹੈ, ਇਸ ਤਰਾਂ ਮਨੁੱਖ ਦੀਆਂ ਬਦਲਦੀਆਂ ਸਮਾਜਿਕ, ਆਰਥਿਕ ਤੇ ਮਾਨਸਿਕ ਲੋੜਾਂ ਅਨੁਸਾਰ ਸਭਿਆਚਾਰ ਵਿਚ ਵੀ ਪੜਾਅ ਵਾਰ ਤਬਦੀਲੀ ਆਉਂਦੀ ਰਹਿੰਦੀ ਹੈ। ਇਹ ਮਨੁੱਖੀ ਸੁਭਾਅ ਦੀ ਖਾਸੀਅਤ ਹੈ ਕਿ ਉਹ ਹਰ ਦੌਰ ਵਿੱਚ ਸੌਖੀ ਤੇ ਘੱਟ ਮਿਹਨਤ ਵਾਲੀ ਜੀਵਨ ਸ਼ੈਲੀ ਨੂੰ ਅਪਨਾਉਣਾ ਚਾਹੁੰਦਾ ਹੈ, ਜਿਸ ਕਾਰਨ ਮਨੁੱਖ ਪੁਰਾਣੇ ਸਭਿਆਚਾਰ ਪ੍ਰਤੀ ਹੇਰਵਾ ਰੱਖਦਿਆਂ ਵੀ ਜੀਵਨ ਨੂੰ ਸੁਖਾਲਾ ਬਣਾਉਣ ਵਾਲੀਆਂ ਵਿਿਗਆਣਕ ਤਕਨੀਕਾਂ ਤੇ ਢੰਗ ਤਰੀਕੇ ਅਪਨਾਉਣ ਦੇ ਰਾਹ ਪੈਂਦਾ ਹੈ। ਉਸ ਵੱਲੋਂ ਅਜਿਹਾ ਕਰਦਿਆਂ ਪੁਰਾਣੇ ਸਭਿਆਚਾਰ ਦੀਆਂ ਬਹੁਤ ਸਾਰੀਆਂ ਰਵਾਇਤਾਂ ਹੌਲੀ ਹੌਲੀ ਆਪਣੀ ਹੋਂਦ ਗੁਆ ਕੇ ਬੀਤੇ ਦੀ ਬਾਤ ਜਾਂ ਲੋਕ ਵਿਰਸਾ ਬਣ ਜਾਂਦੀਆਂ ਹਨ। ਹੱਥਲੀ ਪੁਸਤਕ ‘ਵਿਰਸੇ ਦੀਆਂ ਪੌਣਾਂ’ ਮਨੁੱਖੀ ਚੇਤਿਆਂ ਵਿਚ ਮਨਫੀ ਹੁੰਦੇ ਜਾ ਰਹੇ ਆਪਣੇ ਪੂਰਵਜੀ ਵਿਰਸੇ, ਪੁਰਾਤਨ ਲੋਕ ਪਰੰਪਰਾਵਾਂ ਤੇ ਸਹਿਜਤਾ ਭਰਪੂਰ ਜੀਵਨ ਜਾਂਚ ਦੀਆਂ ਜੁਗਤਾਂ ਨੂੰ ਲਿਖਤੀ ਰੂਪ ਵਿਚ ਸੰਭਾਲਦੀਆਂ ਵੀ ਹਨ ਤੇ ਇਹਨਾਂ ਦੀ ਪੁਨਰ ਉਸਾਰੀ ਕਰਨ ਦਾ ਯਤਨ ਵੀ ਕਰਦੀਆਂ ਹਨ :-

ਮਾਂ ਬੋਲੀ ਪੰਜਾਬੀ ਸਾਡੀ ਸਦਾ ਆਬਾਦ ਰਹੇ

ਸਭਿਆਚਾਰ ਪੰਜਾਬੀ ਸਾਰਾ ਸਾਨੂੰ ਯਾਦ ਰਹੇ।

ਕਦੇ ਨਾ ਭੁੱਲੀਏ ਯੋਧਿਆਂ ਦੀ ਦਿੱਤੀ ਕੁਰਬਾਨੀ ਨੂੰ

ਨਾ ਦਿਲੋ ਭੁਲਾਈਏ ਗੁਰੂਆਂ ਤੇ ਭਗਤਾਂ ਦੀ ਬਾਣੀ ਨੂੰ

ਜਸਵੀਰ ਸ਼ਰਮਾ ਆਪਣੇ ਬਚਪਨ ਤੋਂ ਹੀ ਗੁਰੂਆਂ ਭਗਤਾਂ ਵੱਲੋਂ ਵਰਸੋਏ ਪੰਜਾਬ ਦੇ ਵਿਲੱਖਣ ਕਿਸਮ ਦੇ ਸਭਿਆਚਾਰਕ ਵਿਰਸੇ ਨਾਲ ਮਾਨਸਿਕ ਨਾਲ ਨੇੜਤਾ ਰੱਖਦਾ ਰਿਹਾ ਹੈ। ਇਸ ਪੁਸਤਕ ਵਿਚਲੀਆਂ ਕਾਵਿ ਰਚਨਾਵਾਂ ਉਸਦੀ ਇਸ ਚਿੰਤਾ ਨੂੰ ਚਿੰਤਨ ਦਾ ਰੂਪ ਦੇਂਦੀਆਂ ਹਨ ਕਿ ਕਿਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਸ਼ਾਨਦਾਰ ਵਿਰਾਸਤ ਨੂੰ ਭੁੱਲ ਕੇ ਆਪਣੀ ਵੱਖਰੀ ਪਛਾਣ ਨੂੰ ਹੀ ਗੁਆ ਨਾ ਲੈਣ। ਉਸਦੀ ਹਰ ਸੰਭਵ ਕੋਸ਼ਿਸ਼ ਹੈ ਕਿ ਅੱਜ ਦਾ ਨੌਜਵਾਨ ਵਰਗ ਆਪਣੇ ਪਿਛੋਕੜ ਅਤੇ ਵਿਰਸੇ ਦੀ ਸ਼ਾਨ ਤੇ ਗੌਰਵਤਾ ਤੋਂ ਜਾਣੂ ਹੋਵੇ। ਇਸ ਲਈ ਉਹ ਮੋਹ ਮੁਹੱਬਤੀ ਖਾਸੇ ਵਾਲੇ ਭਲੇ ਵੇਲਿਆਂ ਨੂੰ ਮੁੜ ਮੁੜ ਯਾਦ ਕਰਦਾ ਹੈ। ਅੱਜ ਦੇ ਸਮਾਜਿਕ ਰਿਸ਼ਤਿਆਂ ਨੂੰ ਟੁੱਟਣ ਤੇ ਤਿੜਕਣ ਦੇ ਉਪਾਉ ਉਸਨੂੰ ਬੀਤੇ ਸਮੇਂ ਦੀਆਂ ਸਮਾਜਿਕ ਕਦਰਾਂ ਕੀਮਤਾਂ ਵਿਚ ਹੀ ਛੁਪੇ ਵਿਖਾਈ ਦੇਂਦੇ ਹਨ :-

ਸਮੇਂ ਉਹ ਲੱਦ ਗਏ, ਪੈਰੀ ਹੱਥ ਜਦੋਂ ਲਾਉਂਦੇ ਹੁੰਦੇ ਸੀ।

ਪਾ ਗਲਵਕੜੀ ਡਾਢਾ ਪਿਆਰ ਜਤਾਉਂਦੇ ਹੁੰਦੇ ਸੀ।

ਸੀ ਬੁੱਢ ਸੁਹਾਗਣ ਬੇਬੇ ਉਦੋਂ ਕਹਿੰਦੀ ਨੂੰਹਾਂ ਨੂੰ

ਪੋਤੇ ਪੋਤੀਆਂ ਦਾਦੀ ਕਹਿ ਬੁਲਾਉਂਦੇ ਹੁੰਦੇ ਸੀ।

ਪੰਜਾਬੀ ਸਭਿਆਚਾਰਕ ਵਿਰਸੇ ਦੀ ਵਿਲੱਖਣਤਾ ਤੇ ਵਿਸ਼ੇਸ਼ਤਾ ਨੂੰ ਉਭਾਰਣ ਲਈ ਲੇਖਕ ਨੇ ਇਸ ਬਾਰੇ ਜਾਣਕਾਰੀ ਦੇ ਸਕਦੇ ਹਰੇਕ ਸੰਭਵ ਸਰੋਤ ਦੀ ਵਰਤੋਂ ਕੀਤੀ ਹੈ। ਸਭਿਆਚਾਰ ਦੇ ਬਦਲਾਉ ਦੀ ਪ੍ਰੀਕਿਿਰਆ ਮਹਾਂ ਨਗਰਾਂ, ਨਗਰਾਂ, ਸ਼ਹਿਰਾਂ ਤੇ ਕਸਬਿਆਂ ਵਿਚ ਹੁੰਦੀ ਹੋਈ ਸਭ ਤੋਂ ਆਖਿਰ ਵਿਚ ਪੇਂਡੂ ਖੇਤਰਾਂ ਵਿੱਚ ਪਹੁੰਚੀ ਹੈ ਤੇ ਉਸਦੇ ਪਿੰਡ ਦੱਦਾਹੂਰ ਸ਼ੁਮਾਰ ਵੀ ਪੰੂਜੀਵਾਦੀ ਤੇ ਪੱਛਮੀ ਸਭਿਆਚਾਰ ਨੂੰ ਸਭ ਤੋਂ ਪਿੱਛੋਂ ਗ੍ਰਹਿਣ ਕਰਨ ਵਾਲੇ ਪਿੰਡਾਂ ਵਿੱਚ ਹੈ। ਉਹ ਹੁਣ ਖੁਦ ਪੰਜਾਬੀ ਵਿਰਾਸਤੀ ਸਭਿਆਚਾਰ ਬਾਰੇ ਜਾਣਕਾਰੀ ਦੇ ਸਕਦੀ ਆਖਿਰੀ ਬਜੁਰਗ ਪੀੜ੍ਹੀ ਵਿਚੋਂ ਹੈ, ਇਸ ਲਈ ਉਸ ਆਪਣੇ ਚੇਤਿਆਂ ਵਿਚ ਪਈਆਂ ਇਸ ਸਭਿਆਚਾਰ ਨਾਲ ਸਬੰਧਤ ਯਾਦਾਂ ਤੇ ਜਾਣਕਾਰੀਆਂ ਨੂੰ ਇਸ ਕਦਰ ਕੁਰੇਦ ਕੇ ਬਾਹਰ ਲਿਆਂਦਾ ਹੈ ਕਿ ਪਾਠਕਾਂ ਦੇ ਜਿਹਨ ਵਿਚ ਪੁਰਾਣੇ ਪੰਜਾਬ ਦੇ ਸਾਰੇ ਸਮਾਜਿਕ ਤੇ ਸਭਿਆਚਾਰਕ ਦ੍ਰਿਸ਼ ਸਾਜੀਵ ਰੂਪ ਵਿਚ ਸਕਾਰ ਹੋ ਸਕਣ। ਉਹ ਆਪਣੀਆਂ ਸਿਮਰਤੀਆਂ ਵਿਚ ਪਈਆਂ ਬਚਪਨ ਦੀਆਂ ਖੇਡਾਂ ਨੂੰ ਸ਼ਬਦੀ ਰੂਪਮਾਨ ਕਰਕੇ ਹੁਣ ਵੀ ਇਨ੍ਹਾਂ ਦਾ ਆਨੰਦ ਮਾਣ ਲੈਂਦਾ ਹੈ :-

ਬਚਪਨ ਵਾਲੀਆਂ ਖੇਡਾਂ ਦਿਲ ਨੂੰ ਬਹੁਤ ਸੀ ਟੁੰਬਦੀਆਂ

ਮਗਨ ਹੋ ਕੇ ਸੀ ਅਸੀਂ ਖੇਡਦੇ ਰਹਿੰਦੇ ਸਾਰੇ

ਸ਼ੱਕਰਭਿਜੀ ਅਤੇ ਨਾਲ ਛਪਾਕੀ ਕੋਟਲਾ

ਮਾਰਕੇ ਢੂਈ ਦੇ ਵਿੱਚ ਸੀ ਦਿਨੇ ਵਿਖਾਉਂਦੇ ਤਾਰੇ।

ਇਸ ਪੁਸਤਕ ਵਿਚ ਵਿਰਸੇ ਬਾਰੇ ਸ਼ਾਮਿਲ ਸਾਰੀਆਂ ਕਵਿਤਾਵਾਂ ਤੇ ਗੀਤ ਆਪਣੇ ਮਾਨਵੀ ਪਰਿਪੇਖ ਨੂੰ ਉਭਾਰਣ ਤੇ ਅੱਜ ਦੇ ਵਿਸ਼ਵੀ ਯੁੱਗ ਦੇ ਬਜਾਰੂ ਰਿਪੇਖ ਨੂੰ ਨਕਾਰਣ ਵਾਲੇ ਹਨ। ਇਹ ਗੀਤ ਇਸ ਸਿੱਟੇ ਦੀ ਨਿਸ਼ਾਨਦੇਹੀ ਕਰਦੇ ਹਨ ਕਿ ਪੁਰਾਣੇ ਸਭਿਆਚਾਰ ਨਾਲੋਂ ਟੁੱਟ ਕੇ ਅਸੀਂ ਮਨੁੱਖ ਤੋਂ ਮਸ਼ੀਨ ਬਣ ਗਏ ਹਾਂ, ਜਿਸ ਕਾਰਨ ਸਾਡੇ ਸਮਾਜਿਕ ਰਿਸ਼ਤੇ ਲਗਾਤਾਰ ਟੁੱਟ ਕੇ ਤਿੜਕ ਰਹੇ ਹਨ। ਲੇਖਕ ਅਨੁਸਾਰ ਭਾਵੇਂ ਪੁਰਾਤਨ ਸਭਿਆਚਾਰ ਦੇ ਯੁੱਗ ਵਿੱਚ ਪਰਤਣਾ ਹੁਣ ਸਾਡੇ ਲਈ ਸੰਭਵ ਨਹੀਂ ਹੈ ਪਰ ਅਸੀਂ ਆਪਣੇ ਵਿਰਸੇ ਦੇ ਮਾਨਵੀ ਖਾਸੇ ਤੋਂ ਅਜੇ ਵੀ ਬਹੁਤ ਕੁੱਝ ਗ੍ਰਹਿਣ ਕਰ ਸਕਦੇ ਹਾਂ। ਉਸ ਵੱਲੋਂ ਲਿਖੇ ਦੋਹੇ ਪਾਠਕਾਂ ਅੰਦਰ ਪੁਰਾਣੇ ਵੇਲਿਆਂ ਦੀ ਸਾਂਝੀਵਾਲਤਾ, ਸਹਿਹੋਂਦ ਸਦਭਾਵਨਾ, ਪਰ ਉਪਕਾਰ, ਕੁਰਬਾਨੀ, ਮੋਹ ਪਿਆਰ ਤੇ ਹਮਦਰਦੀ ਦੇ ਭਾਵ ਬੋਧ ਦਾ ਸੰਚਾਰ ਕਰਕੇ ਉਨ੍ਹਾਂ ਮਾਨਵੀ ਰਵਾਇਤਾਂ ਨੂੰ ਉਭਾਰਦੇ ਹਨ ਜਿਹੜੀਆਂ ਅਜੇ ਵੀ ਸਾਡੇ ਜੀਵਨ ਵਿਚ ਮੁਹੱਬਤੀ ਰੰਗ ਭਰ ਸਕਦੀਆਂ ਹਨ :-

ਦਸਵਾਂ ਦਸੌਂਦ ਕੱਢ ਕੇ ਸਾਰੀਏ ਕਿਸੇ ਦੀ ਗਰਜ਼

ਇਨਸਾਨੀਅਨ ਨਾ ’ਤੇ ਦੋਸਤੋ, ਹੈ ਸਭਨਾਂ ਦਾ ਫਰਜ਼

ਇਸ ਪੁਸਤਕ ਵਿਚਲਾ ਪੁਰਾਤਨ ਵਿਰਾਸਤ ਨੂੰ ਦਰਸਾਉਂਦਾ ਬਹੁਤ ਸਾਰਾ ਸ਼ਬਦ ਭੰਡਾਰ ਪੰਜਾਬੀ ਬੋਲੀ ਵਿਚੋਂ ਆਲੋਪ ਹੋ ਗਿਆ ਹੈ ਜਾਂ ਆਲੋਪ ਹੁੰਦਾ ਜਾ ਰਿਹਾ ਹੈ। ਸ਼ਕਰਭਿਜੀ, ਬਾਰਾ ਟਾਹਣੀ ਬਾਂਦਰ ਕਿਲਾਤੇ ਪਿਠੂ ਆਦਿ ਖੇਡਾਂ ਦੇ ਨਾਂ ਕੰਪਿਊਟਰ ਯੁਗ ਦੀ ਨਵੀਂ ਪੀੜ੍ਹੀ ਲਈ ਬਹੁਤ ਓਪਰੇ ਹਨ। ਚੁਰ, ਆਲਾ, ਪਖਤਨ, ਕੁੰਡਾ, ਦੁਬੱਚੇ, ਵੱਤ, ਘਾਟ, ਚਟੂਰਾ, ਭੱਤਾ, ਖੁੱਸਾ, ਸੱਥ, ਬਾਲੀਆਂ ਤੇ ਸਿਰਕੀਆਂ, ਆਦਿ ਸ਼ਬਦ ਵੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ਬਦ ਕੋਸ਼ਾਂ ਵਿਚ ਤਲਾਸ਼ ਕਰਨੇ ਪੈਣਗੇ, ਇਸ ਲਈ ਇਹ ਪੁਸਤਕ ਪੰਜਾਬੀ ਵਿਰਾਸਤੀ ਸਭਿਆਚਾਰ ਨਾਲ ਜੁੜੇ ਅਮੀਰ ਸ਼ਬਦ ਭੰਡਾਰ ਨੂੰ ਸੰਭਾਲਣ ਸਬੰਧੀ ਆਪਣੀ ਜਿੰਮੇਵਾਰੀ ਵੀ ਚੰਗੀ ਤਰ੍ਹਾਂ ਸੰਭਾਲਦੀ ਹੈ। ਲੇਖਕ ਵੱਲੋਂ ਆਪਣੇ ਲੇਖਾਂ ਵਿੱਚ ਵਰਤੀ ਭਾਸ਼ਾ ਪੁਰਤਨ ਲੋਕ ਸਭਿਆਚਾਰ ਵਾਂਗ ਹੀ ਸਰਲ ਤੇ ਇਸ ਸਭਿਆਚਾਰ ਨਾਲ ਪਿਆਰ ਕਰਨ ਵਾਲੇ ਲੋਕਾਂ ਦੀ ਸਮਝ ਦੇ ਅਨੁਕੂਲ ਹੈ। ਪੁਸਤਕ ਪੜ੍ਹਦਿਆਂ ਅਸੀਂ ਪੰਜ ਛੇ ਦਹਾਕੇ ਦੇ ਪਹਿਲੋ ਦੇ ਪੰਜਾਬ ਵਿੱਚ ਪਹੁੰਚ ਜਾਂਦੇ ਹਾਂ। ਵਿਰਸੇ ਨਾਲ ਸਹਿਜ ਤੇ ਸਾਰਥਿਕ ਰਚਾਉਣ ’ਤੇ ਜਸਵੀਰ ਸ਼ਰਮਾ ਨੂੰ ਹਾਰਦਿਕ ਮੁਬਾਰਕਾਂ


ਨਿਰੰਜਣ ਬੋਹਾ

ਮੋਬਾਇਲ : 89682-82700


Post a Comment

0 Comments