ਪਰਮ ਗਾਥਾਵਾਂ (ਦਰਸ਼ਨ ਸਿੰਘ ਭੰਮੇ) - #Good Will Publication

ਪਰਮ ਗਾਥਾਵਾਂ - ਦਰਸ਼ਨ ਸਿੰਘ ਭੰਮੇ


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 110
ਕਿਤਾਬ ਦੀ ਕੀਮਤ = 210/- ਰੁਪਏ
ਭੇਜਣ ਦਾ ਖਰਚ = 50/- ਰੁਪਏ
ਕੁੱਲ ਖਰਚ = 260/- ਰੁਪਏ
ਰਿਆਇਤ = 60/- ਰੁਪਏ

ਕੁੱਲ ਭੁਗਤਾਨਯੋਗ ਰਕਮ = 200/- ਰੁਪਏਖੁਲ੍ਹੀ ਕਵਿਤਾ ਦੀ ਆਪਣੀ ਜਗਾ੍ਹ ਹੈ ਅਤੇ ਭਾਂਤ ਭਾਂਤ ਦੇ ਛੰਦਾਂ ’ਚ ਪਰੋਕੇ ਗਾਉਣ ਯੋਗ ਬਣਾਉਣਾ ਆਪਣੀ ਥਾਂ ਹੈ। ਰਚਨਾ ’ਚ ਮਲਵਈ ਭਾਸ਼ਾ ਦਾ ਪ੍ਰਯੋਗ ਕੀਤਾ ਗਿਆ ਹੈ ਜਿਸ ਵਿੱਚ ਰਵਾਇਤੀ ਸ਼ਬਦ ਭੰਡਾਰ ਸਮੋਇਆ ਹੋਇਆ ਹੈ। ਸ਼ੈਲੀ ਬੜੀ ਰੌਚਕ ਹੈ।
ਪਹਿਲੀ ਸ਼ਿਵ-ਪਾਰਬਤੀ ਵਾਲੀ ਗਾਥਾ ’ਚ ਵੀ ਸ਼ਰਧਾ ਵਿਸ਼ਵਾਸ਼ ਬਾਰੇ ਹੀ ਸ਼ਿਵਾ ਨੇ ਪਾਰਬਤੀ ਨੂੰ ਚਮਤਕਾਰ ਦਿਖਾਕੇ ਸਿੱਧ ਕੀਤੈ ਕਿ ਲੋਕ ਰੀਸੋ ਰੀਸ ਕਰਮਕਾਂਡ ਕਰਦੇ ਨੇ, ਇਸ਼ਨਾਨ ਕਰਕੇ ਪਿੰਡੇ ਤੋਂ ਪਾਪਾਂ ਦੀ ਮੈਲ ਉਤਾਰਦੇ ਨੇ ਪਰ ਦਿਲੋਂ ਸ਼ਰਧਾ ਜਾਂ ਵਿਸ਼ਵਾਸ਼ ਨਹੀਂ ਹੈ। ਬ੍ਰਿਧ ਦਾ ਰੂਪ ਧਾਰਦੇ ਨੇ, ਪਾਰਬਤੀ ਨੂੰ ਸ਼ਿੰਗਾਰ ਲਾਉਣ ਲਈ ਸੁਝਾਅ ਦਿੰਦੇ ਹਨ ਅਤੇ ਦਿਖਾਉਂਦੇ ਹਨ ਕਿ ਕਿਵੇਂ ਲੋਕ ਇੱਕ ਸੁੰਦਰ ਬੇਵਸ ਔਰਤ ਨੂੰ ਦੇਖਕੇ, ਕਾਮ ਵਸ ਹੋ ਕੇ, ਖੋਟੀ ਭੈੜੀ ਨਿਗਾਹ ਨਾਲ ਤੱਕਦੇ ਨੇ, ਬੋਲ-ਕਬੋਲ ਬੋਲਦੇ ਨੇ। ਜੇ ਸੌ ’ਚੋਂ ਇੱਕ ਉਨ੍ਹਾਂ ਦੀ ਗੱਲ ਮੰਨ ਵੀ ਲੈਂਦੇ ਤਾਂ ਸਿਰੇ ਤੇ ਜਾ ਕੇ ਉਹ ਵੀ ਸ਼ਰਧਾ ਭਾਵਨਾ ਗਵਾ ਬੈਠਦਾ ਹੈ। ਇਸ ਵਿਚ ਵੀ ਔਰਤ ਬਾਰੇ ਮਰਦ ਦੀ ਘਟੀਆ ਸੋਚ ਅਤੇ ਅਧਵਿਸ਼ਵਾਸ਼ ਬਾਰੇ ਹੀ ਚਾਨਣਾ ਪਾਇਆ ਹੈ। 
ਗ੍ਰੰਥਾਂ ’ਚੋਂ ਲਈਆਂ ਗਾਥਾਵਾਂ ਨੂੰ ਇਨ੍ਹਾਂ ਨੇ ਬਾਖੂਬੀ ਢੰਗ ਨਾਲ ਵਿਉਂਤਿਆ ਹੈ।ਦੂਸਰੀ ਗਾਥਾ ਬਾਲਮੀਕੀ ਰਾਮਾਇਣ ’ਚੋਂ ਹੈ ‘ਸੀਤਾ ਪ੍ਰੀਖਿਆ’ ਕਿ ਕਿਵੇਂ ਜੁੱਗਾਂ ਜੁਗਾਂਤਰਾਂ ਤੋਂ ਔਰਤ ਸ਼ੱਕ ਦੇ ਘੇਰੇ ’ਚ ਹੀ ਰਹੀ ਹੈ। ਮਰਦ ਹੀ ਉਸਨੂੰ ਸ਼ੱਕੀ ਬਣਾਉਂਦਾ ਹੈ ਅਤੇ ਉਹੀ ਉਸਨੂੰ ਅਸ਼ੁੱਧ ਕਹਿਕੇ ਧਿਕਾਰਦਾ ਹੈ। ਸੀਤਾ ਹਰਣ ਹੋ ਜਾਂਦੀ ਹੈ। ਲੰਕਾ ਵਿਖੇ ਰਣਵਾਸ ਕਰਦੀ ਹੈ। ਹਨੂੰਮਾਨ ਉਸਦੀ ਹਰਦਮ ਸੇਵਾ ’ਚ ਹੈ। ਰਾਮ ਰਾਵਣ ਯੁੱਧ ਹੁੰਦਾ ਹੈ ਜਿਸ ਵਿੱਚ ਮਹਾਂ ਬਲੀ, ਮਹਾਨ ਵਿਦਵਾਨ, ਟੀਕਾਕਾਰ ਪੰਡਤ ਰਾਵਣ ਜਿਸਨੇ ਕਾਲ ਆਪਣੇ ਪਾਵੇ ਨਾਲ ਬੰਨ੍ਹਿਆ ਹੋਇਆ ਸੀ ਆਪਣੇ ਹੰਕਾਰ ’ਚ ਰੱਬ ਨੂੰ ਵੀ ਚੇਤੇ ਨਾ ਰੱਖਦਾ ਹੋਇਆ ਮਾਰਿਆ ਜਾਂਦਾ ਹੈ। ਇੱਕ ਲੱਖ ਪੂਤ, ਸਵਾ ਲੱਖ ਨਾਤੀ ਅਤੇ ਸੋਨੇ ਦੀ ਲੰਕਾ ਜਲ ਕੇ ਰਾਖ ਹੋ ਜਾਂਦੀ ਹੈ। ਰਾਮ ਸੀਤਾ ਨੂੰ ਲੈ ਕੇ ਅਯੁੱਧਿਆ ਰਾਜ ਮਹਿਲਾਂ ’ਚ ਆਕੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਪਰ ਲੋਕ ਸੀਤਾ ਨੂੰ ਕਲੰਕਿਤ ਸਮਝਦੇ ਹੋਏ ਕਹਿੰਦੇ ਹਨ ਕਿ ਇਹ ਹੁਣ ਰਾਮ ਦੇ ਤੁਲ ਨਹੀਂ। ਰਾਮ ਤਾਂ ਜਾਣੀ ਜਾਣ ਹੈ ਉਸਨੂੰ ਸੀਤਾ ’ਤੇ ਪੂਰਾ ਵਿਸ਼ਵਾਸ਼ ਹੈ ਪਰ ਉਹ ਲੋਕ ਚਬੋ-ਚਬੀ ਤੋਂ ਬਚਣ ਲਈ ਸੀਤਾ ਨੂੰ ਫੇਰ ਬਨਵਾਸ ਭੇਜ ਦਿੰਦੇ ਹਨ। ਸੀਤਾ ਮਾਤਾ ਦੇ ਉਰਦ ’ਚ ਬੱਚਾ ਹੈ। ਉਹ ਬਾਲਮੀਕ ਰਿਸ਼ੀ ਦੀ ਪੁੱਤਰੀ ਬਣਕੇ ਉਸਦੀ ਕੁਟੀਆ ’ਚ ਨਿਵਾਸ ਕਰਦੀ ਹੈ। ਦੋ ਬੇਟਿਆਂ ਲਵ-ਕੁਸ਼ ਨੂੰ ਜਨਮ ਦਿੰਦੀ ਹੈ। ਰਾਮ ਜੱਗ ਰਚਾਉਂਦਾ ਹੈ। ਰਿਸ਼ੀ ਨਾਲ ਲਵ-ਕੁਸ਼ ਅਤੇ ਸੀਤਾ ਮਾਂ ਵੀ ਆਉਂਦੇ ਹਨ। ਬੇਟਿਆਂ ਦੀ ਪਛਾਣ ਹੁੰਦੀ ਹੈ ਅਤੇ ਸੀਤਾ ਮਾਂ ਜੋ ਇੱਕ ਸ਼ਕਤੀ ਹੈ, ਹੁਣ ਮਹਿਲਾਂ ’ਚ ਨਹੀਂ ਰਹਿਣਾ ਚਾਹੁੰਦੀ। ਉਸਨੇ ਧਰਤੀ ਮਾਂ ਨੂੰ ਪੁਕਾਰ ਕੀਤੀ ਕਿ ਤੰੂ ਹੀ ਮੇਨੂੰ ਭੇਜਿਆ ਹੁਣ ਤੰੂ ਹੀ ਮੈਨੂੰ ਲੈ ਕੇ ਜਾ। ਜਹਾਜ ਆਇਆ ਸੀਤਾ ਮਾਂ ਨੂੰ ਬਿਠਾਕੇ ਧਰਤੀ ’ਚ ਧਸਿਆ ਅਤੇ ਮਾਤਾ ਨੂੰ ਪਾਤਾਲ ਲੋਕ ’ਚ ਲੈ ਗਿਆ। ਪਰਮਾਤਮਾ ਖੁਦ ਰਾਮ ਦਾ ਅਵਤਾਰ ਧਾਰਨ ਕਰਕੇ ਜਗਤ ’ਤੇ ਆਇਆ ਜੋ ਸਭ ਕੁੱਝ ਜਾਣੀਜਾਣ ਸੀ ਪਰ ਲੋਕਾਂ ਲਈ ਉਦਾਹਰਣ ਬਣਿਆ। ਇਸ ਪ੍ਰਸੰਗ ’ਚ ਔਰਤ ਨੂੰ ਸ਼ਕਤੀ ਅਤੇ ਵਿਸ਼ਵਾਸ਼ ਦੀ ਪਾਤਰ ਜੋ ਆਪਣੇ ਪਤੀ ਨੂੰ ਪਰਮਾਤਮਾ ਮੰਨਕੇ ਜਤੀ ਸਤੀ ਰਹੀ ਅਤੇ ਕਸ਼ਟ ਭੋਗੇ। ਰਾਵਣ ਹੰਕਾਰ ਨੂੰ ਮਾਰ ਦਾ ਪਾਤਰ ਦਿਖਾਇਆ ਗਿਆ ਹੈ।
ਤੀਸਰੀ ’ਚ ਪਰਮਾਤਮਾ ਖੁਦ ਕ੍ਰਿਸ਼ਨ ਜੀ ਦਾ ਜਾਮਾਂ ਧਾਰਕੇ ਧਰਤ ’ਤੇ ਆਉਂਦਾ ਹੈ ਅਤੇ ਜਾਲਮਾਂ ਦਾ ਖਾਤਮਾ ਕਰਦਾ ਹੈ। ਇਸ ਕਹਾਣੀ ’ਚ ਵੀ ਅਗਰਸੈਨ ਰਾਜੇ ਦੀ ਰਾਣੀ ਨਾਲ ਦੈਂਤ ਰੂਪ ’ਤੇ ਮੋਹਿਤ ਹੋ ਕੇ ਉਸਦਾ ਧਰਮ ਭੰਗ ਕਰਦਾ ਹੈ। ਰਾਣੀ ਦੇ ਪੇਟੋਂ ਕੰਸ਼ ਜਨਮ ਲੈਂਦਾ ਹੈ ਜਿਸਨੂੰ ਵਰ ਮਿਿਲਆ ਹੁੰਦ ਾਹੈ ਕਿ ਤੈਨੂੰ ਸ੍ਰਿਸ਼ਟੀ ’ਤੇ ਕੋਈ ਵੀ ਮਾਰਨ ਵਾਲਾ ਨਹੀਂ। ਜੇ ਤੰੂ ਮਰਿਆ ਤਾਂ ਤੇਰੀ ਭੈਣ ਦੇਵਕੀ ਦੀ ਔਲਾਦ ਹੱਥੋਂ ਮਰੇਂਗਾ। ਆਪਣੇ ਬਚਾ ਲਈ ਰਿਸ਼ਤੇ ਤਿਆਗਕੇ ਦੇਵਕੀ ਦੇ ਸੱਤ ਬੱਚੇ ਮਾਰ ਦਿੰਦਾ ਹੈ। ਅੱਠਵੇਂ ਵੇਲੇ ਉਸਨੂੰ ਬੰਦੀ ਬਣਾ ਕੇ ਰੱਖਦਾ ਹੈ। ਪਹਿਰੇਦਾਰਾਂ ਅਤੇ ਦਾਈ ਨੂੰ ਕਹਿੰਦਾ ਹੈ ਕਿ ਜਦੋਂ ਬੱਚੇ ਨੇ ਜਨਮ ਲਿਆ ਤਾਂ ਮੇਰੇ ਕੋਲ ਲਿਆਉਣਾ ਤਾਂ ਜੋ ਖਤਮ ਕੀਤਾ ਜਾ ਸਕੇ। ਪਰ ਉਹ ਤਾਂ ਖੁਦ ਰੱਬ ਸੀ ਜੋ ਹਉਮੈ ਦਾ ਅਤੇ ਦੈਂਤਾਂ ਦਾ ਨਾਸ਼ ਕਰਨ ਲਈ ਦੇਵਕੀ ਦੇ ਪੇਟੋਂ ਜਨਮ ਲੈ ਕੇ ਆਇਆ ਸੀ। ਸਭ ਨੂੰ ਪ੍ਰਕੋਨੀ ਦੇ ਕੇ ਵੱਡਾ ਹੋਇਆ। ਧਰਤੀ ’ਤੇ ਸ਼ੂਕਰੇ ਹੋਏ ਦੈਂਤਾਂ ਦਾ ਸੰਘਾਰ ਕੀਤਾ। ਕੰਸ਼ ਨੂੰ ਵੀ ਪ੍ਰਲੋਕ ਭੇਜਿਆ। ਦ੍ਰੋਪਤੀ ਦੇ ਚੀਰ ਵਧਾਕੇ ਔਰਤ ਜਾਤੀ ਦੀ ਲਾਜ ਰੱਖੀ। ਇਸ ਵਿੱਚ ਵੀ ਪ੍ਰਤੱਖ ਹੈ ਕਿ ਔਰਤ ਦੀ ਦਸ਼ਾ ਅਤੇ ਹੰਕਾਰ ਨੂੰ ਮਾਰਿਆ 
ਚੌਥੀ ਏਕਲਵਿਆ ਅਤੇ ਰਿਸ਼ੀ ਦਰੋਣਾਚਾਰਯ ਦੀ ਹੈ। ਉਹ ਪਾਂਡਵਾਂ ਦੇ ਗੁਰੂ ਹਨ। ਇਕਲਵਿਆ ਉਨ੍ਹਾਂ ਕੋਲ ਆਕੇ ਸ਼ਾਸ਼ਤਰ ਵਿੱਦਿਆ ਲੈਣ ਲਈ ਅਰਜ ਗੁਜਾਰਦਾ ਹੈ ਪਰ ਉਹ ਉਸਨੂੰ ਸ਼ੂਦਰ ਸਮਝਦੇ ਹੋਏ ਜੁਆਬ ਦੇ ਦਿੰਦੇ ਹਨ। ਏਕਲਵਿਆ ਇਸ ਕੰਮ ਲਈ ਦ੍ਰਿੜ ਹੈ ਕਿ ਮੈਂ ਇਹ ਸਿੱਖਿਆ ਜਰੂਰ ਪ੍ਰਾਪਤ ਕਰਨੀ ਹੈ। ਉਹ ਮਿੱਟੀ ਦਾ ਦਰੋਣਾਚਾਰਯ ਬਣਾਕੇ ਆਪਣਾ ਗੁਰੂ ਮੰਨਕੇ ਪੂਰੇ ਵਿਸ਼ਵਾਸ਼ ਨਾਲ ਜੰਗਲਾਂ ਵਿੱਚ ਆਪਣੇ ਆਪ ਹੀ ਸਿਖਲਾਈ ਸ਼ੁਰੂ ਕਰ ਦਿੰਦਾ ਹੈ। ਇਸ ਕੰਮ ’ਚ ਪੂਰਾ ਪ੍ਰਵੀਨ ਹੋ ਜਾਂਦੈ। ਦਰੋਣਾਚਾਰਯ ਪੰਜੇ ਪਾਂਡਵਾਂ ਨੂੰ ਲੈ ਕੇ ਜੰਗਲ ’ਚ ਆਕੇ ਜਦੋਂ ਦੇਖਦਾ ਹੈ ਤਾਂ ਦੰਗ ਰਹਿ ਜਾਂਦੈ। ਪਾਂਡਵ ਮੁਕਾਬਲੇ ’ਚ ਹਾਰ ਜਾਂਦੇ ਹਨ ਫੇਰ ਗੁਰੂ ਪੁੱਛਦੈ ਕਿ ਤੇਰਾ ਗੁਰੂ ਕੌਣ ਹੈ। ਏਕਲਵਿਆ ਦੱਸਦਾ ਹੈ ਸਾਰੀ ਗੱਲ। ਵੈਸੇ ਦਰੋਣਾਚਾਰਯ ਜਾਣੀ ਜਾਣ ਹੁੰਦੈ। ਉਹ ਪਾਂਡਵਾਂ ਨੂੰ ਜਿਤਾਉਣਾ ਚਾਹੁੰਦਾ ਹੈ। ਉਸਨੂੰ ਕਹਿੰਦਾ ਹੈ ਕਿ ਜੇ ਤੰੂ ਮੈਨੂੰ ਸੱਚੇ ਦਿਲੋਂ ਆਪਣਾ ਗੁਰੂ ਮੰਨਦਾ ਹੈ ਤਾਂ ਆਪਣੇ ਸੱਜੇ ਹੱਥ ਦਾ ਅੰਗੂਠਾ ਕੱਟਕੇ ਮੈਨੂੰ ਅਰਪਣ ਕਰਦੇ। ਸਤਬਚਨ ਕਹਿਕੇ ਉਸਨੇ ਆਪਣਾ ਅੰਗੂਠਾ ਕੱਟਕੇ ਗੁਰੂ ਨੂੰ ਫੜਾ ਦਿੱਤਾ। ਇਸ ਗਾਥਾ ’ਚ ਵੀ ਸ਼ਰਧਾ ਅਤੇ ਵਿਸ਼ਵਸ਼ ’ਤੇ ਚਾਨਣਾ ਪਾਇਆ ਗਿਆ ਹੈ। ਦਰੋਪਤੀ ਦੀ ਬੇਪਤੀ ਬਾਰੇ ਸੋਚਣਾ ਅਤੇ ਪਰਮਾਤਮਾ ਵੱਲੋਂ ਉਸਦੇ ਚੀਰ ਵਧਾਕੇ ਉਸਦੀ ਲੱਜਾ ਰੱਖਣਾ ਦਿਖਾਇਆ ਗਿਆ ਹੈ। 
ਚਾਰੇ ਗਾਥਾਵਾਂ ਸਿੱਖਿਆਦਾਇਕ ਹਨ ਜਿੰਨਾਂ ਵਿੱਚ ਹੰਕਾਰ ਨੂੰ ਮਾਰ, ਸ਼ਰਧਾ ਅਤੇ ਵਿਸ਼ਵਾਸ਼, ਚੌਂਹ ਜੁਗੀਂ ਔਰਤ ਨਾਲ ਧੱਕੇ ਨੂੰ ਕਵਿਸ਼ਰੀ ਕਾਵਿ ਰੂਪ ਵਿਚ ਪੇਸ਼ ਕਰਕੇ ਕਵੀ ਨੇ ਆਪਣੀ ਸੂਝ ਬੂਝ ਦਾ ਸਬੂਤ ਦਿੱਤਾ ਹੇ। ਚੁਣੀ ਹੋਈ ਹਰ ਗਾਥਾ ਨੂੰ ਉਨ੍ਹਾਂ ਨੇ ਮੁੱਢ, ਸਿਖਰ ਅਤੇ ਸਿੱਟੇ ’ਤੇ ਬੜੇ ਰੌਂਚਕ ਢੰਗ ਨਾਲ ਨੇਪਰੇ ਚਾੜ੍ਹਿਆ ਹੈ। ਰਚਨਾ ’ਚ ਰਸ ਅਤੇ ਜੋਸ਼ ਹੈ। ਪਾਠਕ ਅੱਗੋਂ ਪੜ੍ਹਨ ਲਈ ਉਤੇਜਿਤ ਰਹਿੰਦਾ ਹੈ। ਕਿਹਾ ਜਾਂਦਾ ਹੈ ਕਿ ਰਚਨਾ ਕੀ ਹੋਈ ਜਿਸਨੂੰ ਪੜ੍ਹਕੇ ਪਾਠਕ ਖਿੱਦ ਖਿੱਦ ਨਾ ਹੱਸਿਆ ਜਾਂ ਤ੍ਰਿਪ ਤ੍ਰਿਪ ਨਾ ਰੋਇਆ। ਇਸ ਕਵਿਸ਼ਰੀ ਵਿਚ ਵੱਖੋ ਵੱਖਰੇ ਛੰਦ ਅਤੇ ਪ੍ਰਾਕ੍ਰਿਤਕ ਅਲੰਕਾਰ ਵਰਤਕੇ, ਲੋਕਸੁਰ ’ਚ ਸਮੋਕੇ, ਥੋੜ੍ਹੇ ਸ਼ਬਦਾਂ ਵਿੱਚ ਵਿਸਤ੍ਰਿਤ ਗੱਲ ਕਹੀ ਹੈ। ਇਹ ਰਚਨਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਵਡਮੁੱਲੀ ਰਚਨਾ ਹੈ। ਇਸ ਵਿਚ ਸਾਡੇ ਸੱਭਿਆਚਾਰ ਦੇ ਪ੍ਰਤੱਖ ਪ੍ਰਮਾਣ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਕੇ ਅਨੰਦ ਮਾਨਣਗੀਆਂ, ਖੋਜਾਰਥੀਆਂ ਲਈ ਵੀ ਲਾਹੇਵੰਦ ਹੋਵੇਗੀ। ਇਸ ਹੱਥਲੀ ਪੁਸਤਕ ਦਾ ਨਾਂ ਪਰਮ ਗਾਥਾਵਾਂ ਵੀ ਬਿਲਕੁੱਲ ਅੰਦਰਲੀਆਂ ਗਾਥਾਵਾਂ ਨਾਲ ਮੇਲ ਖਾਂਦਾ ਹੈ ਕਿਉਂਕਿ ਇਹਨਾਂ ’ਚ ਲੇਖਕ ਨੇ ਸਾਰੇ ਰਸ ਭਰਕੇ ਗਥਾਵਾਂ ਦੀ ਰਚਨਾ ਕੀਤੀ ਹੈ। ਹਰ ਰੰਗ ਸਿਖਰ ਨੂੰ ਛੋਂਹਦਾ ਪ੍ਰਤੀਤ ਹੁੰਦਾ ਹੈ। ਬਾਕੀ ਇਹ ਸਾਰੀਆਂ ਗਥਾਵਾਂ ਛੰਦਾਂ ਬੰਦੀ ਦੇ ਕਨੂੰਨਾਂ ਤੇ ਪੂਰੀਆਂ ਉਤਰਦੀਆਂ ਹਨ। ਤਾਂ ਹੀ ਤਾਂ ਮੈਨੂੰ ਲੱਗਦੈ ਦਰਸ਼ਨ ਸਿੰਘ ਭੰਮੇ ਕਵੀਸ਼ਰੀ ਮਾਂ ਦਾ ਪੁੱਤ ਹੈ। 
ਇਸ ਰਚਨਾ ਲਈ ਮੈਂ ਆਪਣੇ ਵੀਰ ਦਰਸ਼ਨ ਸਿੰਘ ਭੰਮੇ ਨੂੰ ਤਹਿ ਦਿਲੋਂ ਵਧਾਈ ਦਿੰਦੀ ਹਾਂ ਅਤੇ ਅਸ਼ੀਰਵਾਦ ਹੈ ਵੀਰੇ ਕਿ ਤੇਰੀ ਕਲਮ ਹਮੇਸ਼ਾ ਪੰਜਾਬੀ ਸਾਹਿਤ ਦੀ ਸੇਵਾ ’ਚ ਹਾਜਰੀ ਪਾਉਂਦੀ ਰਹੇ ਅਤੇ ਢੇਰ ਸਾਰੀਆਂ ਰਚਨਾਵਾਂ ਰਚਦੀ ਰਹੇ।
ਡਾ. ਗੁਰਮੇਲ ਕੌਰ ਜੋਸ਼ੀ


Post a Comment

0 Comments