ਬਦਲਦੇ ਮੌਸਮ ਦਾ ਪ੍ਰਛਾਵਾਂ (ਭੋਲਾ ਸਿੰਘ ਸ਼ਮੀਰੀਆ) - #Good Will Publication

ਬਦਲਦੇ ਮੌਸਮ ਦਾ ਪ੍ਰਛਾਵਾਂ


ਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 110
ਕਿਤਾਬ ਦੀ ਕੀਮਤ = 221/- ਰੁਪਏ
ਰਿਆਇਤ (Discount 32%) = 71/- ਰੁਪਏ
ਕੁੱਲ ਖਰਚ = 150/- ਰੁਪਏ
ਭੇਜਣ ਦਾ ਖਰਚ (Shipping Charges) = 50/- ਰੁਪਏ
ਕੁੱਲ ਭੁਗਤਾਨਯੋਗ ਰਕਮ = 200/- ਰੁਪਏਇਸ ਪੁਸਤਕ ਬਾਰੇ ਵਿਚਾਰ

ਇਸ ਪੁਸਤਕ ‘ਬਦਲਦੇ ਮੌਸਮ ਦਾ ਪ੍ਰਛਾਵਾਂ’ ਇਸ ਗੱਲ ਦਾ ਪ੍ਰਮਾਣ ਹੈ ਕਿ ਲੇਖਕ ਆਪਣੀਆਂ ਕਹਾਣੀਆਂ ਵਿੱਚ ਲੋਕ ਮੁਕਤੀ ਵਾਲਾ ਆਦਰਸ਼ ਸਥਾਪਤ ਕਰਦਾ ਹੈ। ਇਸ ਪੁਸਤਕ ਵਿਚਲੀਆਂ ਸਾਰੀਆਂ ਕਹਾਣੀਆਂ ਦਾ ਘਟਨਾ ਸਥਲ ਪਿੰਡ ਹੈ। ਸ਼ਹਿਰ ਦਾ ਉਹ ਬਸ਼ਿੰਦਾ ਹੀ ਕਹਾਣੀਆਂ ਦਾ ਪਾਤਰ ਬਣਿਆ ਹੈ, ਜੋ ਪਿੰਡੋ ਸ਼ਹਿਰ ਆ ਵਸਿਆ ਹੈ। ਕੰਮਕਾਰ ਉਸਨੂੰ ਸ਼ਹਿਰ ਖਿੱਚ ਲਿਆਇਆ ਹੈ ਅਤੇ ਬਾਹਰਲੀਆਂ ਬਸਤੀਆਂ ਤੇ ਧੱਕਾ ਬਸਤੀਆਂ ਦਾ ਵਾਸੀ ਬਣਿਆ ਹੈ। ਸਮੱਸਿਆਵਾਂ ਵੀ ਪਿੰਡ ਦੀਆਂ, ਕਿਸਾਨਾਂ ਦੀਆਂ, ਖੇਤ ਮਜਦੂਰਾਂ ਦੀਆਂ, ਫੈਕਟਰੀ ਕਾਮਿਆਂ ਦੀਆਂ ਜਾਂ ਕੋਈ ਛੋਟਾ-ਮੋਟਾ ਕਿੱਤਾ-ਕਾਰੋਬਾਰ ਕਰਨ ਵਾਲਿਆਂ ਦੀਆਂ ਹਨ। ਪਾਤਰਾਂ ਦੀਆਂ ਸਮਾਜਿਕ, ਆਰਥਿਕ, ਰਾਜਨੀਤਕ ਸਮੱਸਿਆਵਾਂ ਦੇ ਨਾਲ ਕਹਾਣੀਕਾਰ ਨੇ ਪਾਤਰਾਂ ਦੀ ਮਾਨਸਿਕ ਪੀੜਾ ਤੇ ਅੰਤਰ-ਦਵੰਦ ਬਾਰੇ ਵੀ ਸਿਰਜਣਾ ਕੀਤੀ ਹੈ। ਕਿਰਤੀ ਸ਼੍ਰੇਣੀ ਨੂੰ ਦਰਪੇਸ਼ ਮੁਸ਼ਕਲਾਂ ਨਾਲ ਦੋ-ਚਾਰ ਹੁੰਦੇ ਚਿਤਰ ਕੇ ਲੇਖਕ ਨੇ ਪਾਠਕ ਦੇ ਪੱਲੇ ਨਿਰਾਸ਼ਾ ਨਹੀਂ ਪਾਈ ਸਗੋਂ ਆਸ ਦੀ ਕਿਰਨ ਦਿਖਾਈ ਹੈ।
ਸ਼ਮੀਰੀਆ ਦੀ ਇਸ ਪੁਸਤਕ ਵਿਚਲੀਆਂ ਕਹਾਣੀਆਂ ਇੱਕ ਪਰਤੀ ਹਨ ਤੇ ਵਧੇਰੇ ਆਧੁਨਿਕ ਹੁਨਰੀ ਕਹਾਣੀ ਦੀ ਕੁਲਵੰਤ ਸਿੰਘ ਵਿਰਕ ਸ਼ੈਲੀ ਵਾਲੀਆਂ ਹਨ। ਅੱਜ ਵਧੇਰੇ ਕਰਕੇ ਲਿਖੀ ਜਾ ਰਹੀ ਲੰਮੀ ਕਹਾਣੀ ਦੀ ਪ੍ਰੰਪਰਾ, ਜਿਸਨੂੰ ਵਰਿਆਮ ਸੰਧੂ ਤੇ ਅਤਰਜੀਤ ਨੇ ਸਥਾਪਿਤ ਕੀਤਾ ਹੈ, ਤੋਂ ਲੇਖਕ ਦੂਰੀ ਸਿਰਜ ਕੇ ਖੜਾ ਹੈ।
ਅੰਤ ਵਿੱਚ ਮੈਂ ਇੱਕ ਵਧੀਆ ਕਿਤਾਬ ਪੜ੍ਹਨ ਲਈ ਪਾਠਕਾਂ ਦੇ ਸਪੁਰਦ ਕਰਦਾ ਹੋਇਆ ਖੁਸ਼ੀ ਮਹਿਸੂਸ ਕਰਦਾ ਹਾਂ।

ਲੇਖਕ ਬਾਰੇ ਕੁੱਝ ਗੱਲਾਂ

ਭੋਲਾ ਸਿੰਘ ਸ਼ਮੀਰੀਆ ਜਦੋਂ ਪ੍ਰਭਾਵ ਗ੍ਰਹਿਣ ਕਰਨ ਵਾਲੀ ਗਭਰੇਟ ਉਮਰ ਵਿੱਚ ਸੀ ਤਾਂ ਉਸ ਸਮੇਂ ਲਹਿਰਾਂ ਦਾ ਸਮਾਂ ਸੀ। ਸਾਡੇ ਅੱਜ ਦੇ ਸਮਕਾਲ ਵਾਂਗ ਮਨੁੱਖ ਪਦਾਰਥਵਾਦੀ ਤੇ ਨਿੱਜਵਾਦੀ ਨਹੀਂ ਸੀ ਹੋਇਆ। ਮਨੁੱਖ ਨਿਸ਼ਾਨੇ ਤੋਂ ਵਿਹੂਣਾ ਨਹੀਂ ਸੀ ਹੋਇਆ। ਭਾਵੇਂ ਥੋੜੇ ਰੂਪ ਹੀ ਸੀ ਲੋਕਾਂ ਦੀ ਸੋਚ ਸਮੂਹਿਕ, ਸਮਾਜਿਕ ਤੇ ਸੰਵੇਦਨਾ ਭਰਪੂਰ ਸੀ।
ਭੋਲਾ ਸਿੰਘ ਸ਼ਮੀਰੀਆ ਦੀ ਜੁਆਨੀ ਦੀ ਉਮਰ ਤੱਕ ਅਜ਼ਾਦੀ ਪ੍ਰਾਪਤੀ ਲਈ ਚੱਲੀਆਂ ਬੱਬਰ ਲਹਿਰ, ਅਕਾਲੀ ਲਹਿਰ, ਕੂਕਾ ਲਹਿਰ, ਗਦਰ ਲਹਿਰ ਅਤੇ ਭਗਤ ਸਿੰਘ ਦੇ ਸਾਥੀਆਂ ਦੇ ਸਘੰਰਸ਼ ਦਾ ਅਸਰ ਪੰਜਾਬ ਦੀਆਂ ਫਿਜਾਵਾਂ ਵਿੱਚ ਅਜੇ ਕਾਇਮ ਸੀ। ਅਜ਼ਾਦੀ ਤੇ ਨਹਿਰੂ ਦੀਆਂ ਲੋਕ-ਲਭਾਊ ਨੀਤੀਆਂ ਦਾ ਅਸਰ ਵੀ ਵੱਧ ਘੱਟ ਮਾਤਰਾ ਵਿੱਚ ਅਜੇ ਕਾਇਮ ਸੀ। ਕਮਿਊਨਿਸਟ ਪਾਰਟੀਆਂ, ਮੁਜਾਰਾ ਲਹਿਰ ਅਤੇ ਨਕਸਲੀ ਮੂਵਮੈਂਟ ਦਾ ਪ੍ਰਭਾਵ ਲੋਕ ਮਨਾਂ ਅਤੇ ਨੌਜੁਆਨਾਂ ਉਪਰ ਪੈ ਰਿਹਾ ਸੀ। ਕੁਝ ਸਮਾਂ ਬਾਦ ਸਿੱਖ ਧਰਮ ਪੁਨਰ-ਉਥਾਨ ਤੇ ਕੌਮੀ ਹਿਤਾਂ ਲਈ ਚੱਲੀ ਖਾੜਕੂ ਲਹਿਰ ਦੇ ਚੰਗੇ ਪੱਖਾਂ ਦੇ ਹਾਂ-ਪੱਖੀ ਪ੍ਰਭਾਵ ਹਨ।
ਭੋਲਾ ਸਿੰਘ ਸ਼ਮੀਰੀਆ ਨੇ ਐਨੀਆਂ ਲਹਿਰਾਂ ਦੇ ਅਸਰ ਵਾਲੇ ਦੌਰ ਵਿੱਚ ਸੁਰਤ ਸੰਭਾਲੀ, ਜੁਆਨ ਹੋਇਆ ਤੇ ਅਸਰ ਗ੍ਰਹਿਣ ਕੀਤੇ। ਇਸ ਤਰ੍ਹਾਂ ਕਈ ਤਰਾਂ ਦਾ ਦੂਰ-ਰਸ ਪ੍ਰਭਾਵ ਭੋਲਾ ਸਿੰਘ ਸ਼ਮੀਰੀਆ ਦੀ ਸੋਚ ਤੇ ਵਿਚਾਰਧਾਰਾ ਉਪਰ ਪਿਆ। ਜਿਸ ਕਾਰਣ ਉਸਦੀ ਸੋਚ ਲੋਕ-ਪੱਖੀ ਤੇ ਲੋਕਾਈ ਦੇ ਦਰਦ ਦੀ ਫਿਕਰਮੰਦੀ ਵਾਲੀ ਬਣਦੀ ਗਈ। ਲੋਕਾਂ ਦੇ ਦੁਖ-ਦਰਦ, ਤੋੜੇ-ਤੰਗੀਆਂ ਦਾ ਅਸਰ ਭੋਲਾ ਸਿੰਘ ਸ਼ਮੀਰੀਆ ਦੇ ਮਨ ਤੇ ਪੈਂਦਾ ਤਾਂ ਉਸਦਾ ਹੱਥ ਕਲਮ ਤੇ ਜਾਣ ਲੱਗਿਆ ਤੇ ਉਸਦੀ ਕਲਮ ਵਿੱਚੋਂ ਮਾਨਵਪੱਖੀ ਲਿਖਤਾਂ ਨਿਕਲਣ ਲੱਗੀਆਂ।  
ਸ਼ਮੀਰੀਆ ਦੀ ਗਭਰੇਟ ਤੇ ਚੜਦੀ ਜਵਾਨੀ ਦੀ ਉਮਰ ਵੇਲੇ ਤੱਕ ਪੰਜਾਬੀ ਕਵਿਤਾ ਕਿੱਸਾਕਾਰੀ ਦੇ ਦੌਰ ਤੋਂ ਅੱਗੇ ਲੰਘ ਕੇ ਆਧੁਨਿਕ ਦੇ ਕਵਿਤਾ ਦੇ ਦੌਰ ਵਿੱਚ ਆ ਗਈ ਸੀ। ਪੋ੍ਰ. ਮੋਹਨ ਸਿੰਘ, ਅਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਬਾਵਾ ਬਲਵੰਤ ਦੀਆਂ ਕਵਿਤਾਵਾਂ ਦੇ ਨਾਲ ਪਾਸ਼ ਤੇ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ-ਗੀਤ ਮੁੱਖ ਧਾਰਾ ਵਿੱਚ ਸਨ। ਮਾਲਵੇ ਦੇ ਜਿਸ ਖਿੱਤੇ ਵਿੱਚ ਭੋਲਾ ਸਿੰਘ ਸ਼ਮੀਰੀਆ ਸੁਰਤ ਸੰਭਾਲ ਰਿਹਾ ਸੀ ਤੇ ਵਿਚਾਰ ਗ੍ਰਹਿਣ ਕਰ ਰਿਹਾ ਸੀ, ਉਸ ਖਿੱਤੇ ਵਿੱਚ ਉਸ ਸਮੇਂ ਕਵਿਸ਼ਰੀ ਪਰੰਪਰਾ ਆਪਣੇ ਅੰਤਿਮ ਪੜਾ ਤੇ ਸੀ। ਭੋਲਾ ਸਿੰਘ ਸ਼ਮੀਰੀਆ ਨੇ ਇਹ ਪ੍ਰਭਾਵ ਵੀ ਗ੍ਰਹਿਣ ਕੀਤਾ। ਇਸੇ ਕਰਕੇ ਭੋਲਾ ਸਿੰਘ ਨੇ ਪਹਿਲੇ ਦੌਰ ਵਿੱਚ ਛੰਦਬੱਧ ਕਵਿਤਾ ਵੀ ਲਿਖੀ ਤੇ ਹੁਣ ਵੀ ਕਦੇ-ਕਦੇ ਛੰਦ, ਬੈਂਤ, ਕਬਿੱਤ ਅਤੇ ਦੋਹਿਰਾ ਆਦਿ ਦੇ ਰੂਪ ਵਿੱਚ ਕਵਿਤਾ ਲਿਖ ਲੈਂਦਾ ਹੈ।
ਕਵਿਸ਼ਰੀ ਇੱਕ ਕਹਾਣੀ ਦੁਆਲੇ ਉਸਾਰੀ ਗਈ ਕਵਿਤਾ ਰੂਪੀ ਕਥਾ ਹੁੰਦੀ ਹੈ, ਇਸੇ ਵਜਾ੍ਹ ਕਰਕੇ ਹੀ ਭੋਲਾ ਸਿੰਘ ਸ਼ਮੀਰੀਆ ਕਹਾਣੀ ਵਾਲੇ ਪਾਸੇ ਆ ਗਿਆ। ਇਸਦੀਆਂ ਕਹਾਣੀਆਂ ਵਿੱਚ ਕਾਵਿਕਤਾ ਹੈ। ਭੋਲਾ ਸਿੰਘ ਦੀ ਵਿਚਾਰਧਾਰਾ ਮਾਨਵਪੱਖੀ ਹੋਣ ਕਰਕੇ ਉਸਦੇ ਧੁਰ ਅੰਦਰੋਂ ਲੋਕਾਂ ਦੀਆਂ ਅਤੇ ਲੋਕਾਂ ਲਈ ਕਹਾਣੀਆਂ ਫੁਟਦੀਆਂ ਹਨ। ਉਸਦਾ ਅਨੁਭਵ, ਅਧਿਐਨ, ਅਭਿਆਸ ਉਸਦੀਆਂ ਕਹਾਣੀਆਂ ਨੂੰ ਸਮਾਜਿਕ ਯਥਾਰਥ ਵਾਲੀਆਂ ਕਹਾਣੀਆਂ ਬਣਾਉਂਦਾ ਹੈ। ਉਹ ਆਪਣੀਆਂ ਕਹਾਣੀਆਂ ਵਿੱਚ ਲੋਕ ਮੁਕਤੀ ਵਾਲਾ ਆਦਰਸ਼ ਸਥਾਪਤ ਕਰਦਾ ਹੈ।


Post a Comment

0 Comments