ਰੂਪ ਬਸੰਤ (ਦਰਸ਼ਨ ਸਿੰਘ ਭੰਮੇ) - #Good Will Publication

ਰੂਪ ਬਸੰਤ - ਦਰਸ਼ਨ ਸਿੰਘ ਭੰਮੇਜਿਲਦ = ਸੁਜਿਲਦ (ਹਾਰਡ ਬਾਉਂਡ)
ਕੁੱਲ ਪੰਨੇ = 108
ਕਿਤਾਬ ਦੀ ਕੀਮਤ = 210/- ਰੁਪਏ
ਭੇਜਣ ਦਾ ਖਰਚ = 50/- ਰੁਪਏ
ਕੁੱਲ ਖਰਚ = 260/- ਰੁਪਏ
ਰਿਆਇਤ = 60/- ਰੁਪਏ

ਕੁੱਲ ਭੁਗਤਾਨਯੋਗ ਰਕਮ = 200/- ਰੁਪਏਕਿਤਾਬ ਬਾਰੇ ਕੁੱਝ ਸ਼ਬਦ

ਰੂਪ-ਬਸੰਤ ਦਾ ਨਾਮ ਸੁਣਦਿਆਂ ਹੀ ਮਹਾਨ ਕਵੀ ਦੌਲਤ ਰਾਮ ਜੀ ਦੀ ਪਵਿਤ੍ਰ ਲੇਖਨੀ ਪ੍ਰਤੀ ਸਿਰ ਸ਼ਰਧਾ ਨਾਲ ਝੁੱੱਕ ਜਾਂਦਾ ਹੈ। ਵਾਰਿਸ ਦੀ ਹੀਰ ਵਾਂਗ ਰੂਪ ਬਸੰਤ ਸ੍ਰੀ ਦੌਲਤ ਰਾਮ ਜੀ ਦਾ ਹੀ ਪ੍ਰਸਿੱਧ ਹੈ। ਕਿੱਸਾ-ਕਾਵਿ ਦੀ ਪ੍ਰੰਪਰਾ ਵਿੱਚ ਯੋਗਦਾਨ ਪਾਉਂਦੇ ਹੋਏ ਦਰਸ਼ਨ ਸਿੰਘ ਭੰਮੇ ਕਈ ਕਵੀਸ਼ਰੀ-ਪ੍ਰਸੰਗਾਂ ਅਤੇ ਸਮਾਜਿਕ ਵਰਤਾਰਿਆਂ, ਰੀਤੀ ਰਿਵਾਜਾਂ, ਤਤਕਾਲੀਨ ਸਮੱਸਿਆਵਾਂ ਪ੍ਰਤੀ ਫੁਟਕਲ ਛੰਦਾਂ ਦੀ ਰਚਨਾਂ ਕਰ ਚੁੱਕਾ ਹੈ। ਸਿਹਤ ਵਿਭਾਗ ਵਿੱਚ ਇੱਕ ਅਧਿਕਾਰੀ ਦੇ ਤੌਰ ’ਤੇ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਡਿਊਟੀ ਨਿਭਾ ਰਿਹਾ ਦਰਸ਼ਨ ਭੰਮੇ ਆਪਣੇ ਕਾਵਿ-ਪ੍ਰਸੰਗਾਂ ਰਾਹੀਂ ਸਾਹਿਤ ਦੀ ਵਡਮੁੱਲੀ ਸੇਵਾ ਕਰ ਰਿਹਾ ਹੈ। ਇਸ ਸੇਵਾ ਬਦਲੇ ਜਿੱਥੇ ਉਸਦੀ ਆਪਣੀ ਸਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ ਉਥੇ ਬ੍ਰਹਮਲੀਨ ਪੰਡਿਤ ਬ੍ਰਹਮਾਨੰਦ ਜੀ ਦੀ ਸਮੁੱਚੀ ਫੁੱਲਵਾੜੀ ਵੀ ਮਾਣ ਮਹਿਸੂਸ ਕਰਦੀ ਹੈ।
ਹੱਥਲੀ ਰਚਨਾ ਰੂਪ-ਬਸੰਤ ਕਵੀਸ਼ਰੀ ਵਿਧਾ ਦੇ ਵੱਖਰੀ ਵੱਖਰੀ ਵੰਨਗੀ ਦੇ ਛੰਦਾਂ ਅਤੇ ਅਲੰਕਾਰਾਂ ਨਾਲ ਸਜੀ ਹੋਈ ਹੈ। ਕਿੱਸੇ ਦੇ ਸ਼ੁਰੂ ਵਿੱਚ ਹੀ ਸਾਰੇ ਪੁਆੜੇ ਦੀ ਜੜ੍ਹ ਰਾਜਿਆਂ ਦੀ ਵਿਰਾਸਤਾ ਅਤੇ ਕਾਮੁਕ-ਰੁਚੀ ਨੂੰ ਠਹਿਰਾਕੇ ਉਸ ਸਮੇਂ ਦੇ ਮਨਮਾਨੇ ਰਾਜ ਪ੍ਰਬੰਧ ਤੇ ਕਰਾਰੀ ਚੋਟ ਹੈ -
ਭੁੱਲਿਆ ਉਮਰ ਰਾਜਾ ਕਾਮ ਨੇ ਸਤਾਇਆ ਪੂਰਾ
ਬਚਣਾ ਜੇ ਭੰਮਿਆਂ ਤਾਂ ਰਾਮ ਰਾਮ ਰੱਟੀਏ।
ਕੰਨਾਂ ਦਾ ਕੱਚਾ ਰਾਜਾ ਜਦੋਂ ਨਿਰਦੋਸ਼ ਬਸੰਤ ਨੂੰ ਜੇਲ੍ਹ ਵਿੱਚ ਸੁੱਟਦਾ ਹੈ ਤਾਂ ਰਾਜਿਆਂ ਦੀ ਅਨਿਆਂ ਕਾਰੀ ਨੀਤੀ ਉਪਰ ਕਿੰਤੂ ਕਰਦਾ ਦਰਸ਼ਨ ਸਿੰਘ ਭੰਮੇ ਰਾਜ ਧਰਮ ਦੀ ਗੱਲ ਇਉਂ ਕਰਦਾ ਹੈ:-
ਰਾਜੇ ਦਾ ਧਰਮ ਹੁੰਦਾ ਦੱੱੁਧੋਂ ਪਾਣੀ ਛਾਣ ਦੇਣਾ
ਭੰਮਿਆਂ ਕ੍ਰੋਧ ਵਿੱਚ ਧਰਮ ਗਲਾ ਘੁੱਟਤਾ।
ਵਿਛੋੜਾ ਸ਼ਬਦ ਹੀ ਦਿਲ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਭਾਵੁਕਤਾ ਪੈਦਾ ਕਰ ਦਿੰਦਾ ਹੈ। ਸੱਸੀ-ਪੁਨੂੰ, ਸੋਹਣੀ ਮਹੀਵਾਲ ਅਤੇ ਇਸ ਕਿਸਮ ਦੇ ਹੋਰ ਪ੍ਰੀਤ ਕਿੱਸਿਆਂ ਵਿੱਚ ਬਿਰਹੋਂ ਦੇ ਦਰਦ ਨੂੰ ਬਿਆਨਿਆ ਹੈ ਪਰੰਤੂ ਜੋ ਵੀਰ ਦੇ ਨਾਲੋਂ ਵੀਰ ਦੇ ਵਿਛੋੜੇ ਦਾ ਵਰਨਣ ਰੂਪ-ਬਸੰਤ ਵਿੱਚ ਹੈ ਵੀਰਾਂ ਦੇ ਪਿਆਰ ਦੀ ਸਿਖਰ ਹੈ। ਵਿਛੋੜੇ ਵੇਲੇ ਤਾਂ ਕੀ ਚੰਦਰੇ ਵਿਛੋੜੇ ਦੇ ਮੁੱਕ ਜਾਣ ਤੇ ਮਿਲਾਪ ਦੀਆਂ ਘੜੀਆਂ ਵੀ ਕਿਵੇਂ ਅੱਖਾਂ ਨੂੰ ਨਮ ਕਰ ਦਿੰਦੀਆਂ ਹਨ :-
ਨਾ ਪੈਣ ਵਿਛੋੜੇ ਜੀ ਮਨ ਨਾ ਮਿਿਲਆ ਬਾਝੋਂ ਵਿਰਦਾ
ਗਲ ਲਾ ਕੇ ਵੀਰਨ ਨੂੰ ਤਪਦਾ ਸੀਤ ਹੋ ਗਿਆ ਹਿਰਦਾ
ਰਾਜਾ ਖੜਗਸੈਨ ਅਤੇ ਰਾਣੀ ਚੰਦਰਾਵਤੀ ਸਾਧੂ ਕੋਲੋਂ ਪੁੱਤਰ ਦੀ ਦਾਤ ਮੰਗਣ ਸਮੇਂ ਬੜੀ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਸਾਧੂ ਦੇ ਪੁੱਛਣ ਤੇ ਰਾਜਾ ਆਪਣੇ ਬੇਟੇ ਬਸੰਤ ਨੂੰ ਚੰਦਰਾਵਤੀ ਦੇ ਦੱਸਣ ਅਨੁਸਾਰ ਹੀ ਦੋਸ਼ੀ ਮੰਨਦਾ ਹੈ ਜਦੋਂ ਸਾਧੂ ਚੰਦਰਾਵਤੀ ਕੋਲੋਂ ਹੀ ਸਚਾਈ ਜਾਨਣਾ ਚਾਹੁੰਦਾ ਹੈ ਤਾਂ ਚੰਦਰਾਵਤੀ ਬਸੰਤ ਨੂੰ ਨਿਰਦੋਸ਼ ਦੱਸਦੀ ਹੋਈ ਆਪਣਾ ਕੀਤਾ ਪਾਪ ਪ੍ਰਗਟ ਕਰਦੀ ਹੈ: ਦਰਸ਼ਨ ਸਿੰਘ ਭੰਮੇ ਆਪਣੇ ਪਿਤਾ-ਪੁਰਖੀ ਸੋਨੀ-ਭਗਤਾਂ ਵਾਲੇ ਕਿੱਤੇ ਦੀ ਉਦਾਹਰਣ ਪੇਸ਼ ਕਰਦਾ ‘ਖੋਟ’ ਅਤੇ ‘ਝੋਲ’ ਸ਼ਬਦਾਂ ਦੀ ਵਰਤੋਂ ਬਾ-ਖੂਬੀ ਕਰਦਾ ਹੈ -
ਦੇਖਿਆ ਦੋਸ਼ ਨਾ ਕੋਈ ਬਸੰਤ ਅੰਦਰ 
ਦਿੱਤਾ ਲਾਲ ਮੈਂ ਮਿੱਟੀ ਵਿੱਚ ਰੋਲ ਬਾਬਾ।
ਝੂਠ ਖੋਟ ਨੂੰ ਕੋਈ ਨੀ ਦੱਬ ਸਕਦਾ
ਚਾਹੇ ਫੇਰੀਏ ਕਿੰਨਾਂ ਹੀ ਝੋਲ ਬਾਬਾ।

ਸੰਤਾਂ ਦੇ ਮੁਖਾਰਬਿੰਦ ਵਿਚੋਂ ਰਾਜਾ ਖੜਗਸੈਨ ਅਤੇ ਰਾਣੀ ਚੰਦਰਾਵਤੀ ਨੂੰ ਉਪਦੇਸ਼ ਰੂਪ ਵਿੱਚ ਹੋਏ ਬਚਨ ਕੁਜੋੜ ਅਤੇ ਕੁਵੇਲੇ ਹੋਏ ਵਿਆਹ ਵਰਗੇ ਪਵਿੱਤਰ ਕਾਰਜ ਨੂੰ ਵੀ ਨਹੀਂ ਸਲਾਹਾਉਂਦੇ ਸਗੋਂ ਭੰਮੇ ਦੀ ਜਬਾਨੀ-
ਵਕਤੋਂ ਪਹਿਲਾਂ ਵਕਤੋਂ ਪਿਛੋਂ ਜਿਹੜੇ ਕਾਜ ਰਚਾਉਂਦੇ।
ਆਪਦੇ ਵਾਂਗੂੰ ਹਰਦਮ ਰਾਜਾ ਬਹੁਤੇ ਦੁੱਖ ਉਠਾਉਂਦੇ।
ਤੁਸੀਂ ਨਾ ਕੀਤੀ ਸਮਝ ਏਸਦੀ ਤੋੜ ਸੁੱਟਿਆ ਘੇਰਾ।
ਨਾ ਬਾਲਕ ਨਾ ਰਾਣੀ ਦੋਸ਼ੀ ਦੋਸ਼ ਰਾਜਨ ਤੇਰਾ।
ਅਨੇਕਾਂ ਕਸ਼ਟਾਂ ਨੂੰ ਝੱਲਦੇ ਅਖੀਰ ਰੂਪ-ਬਸੰਤ ਮਿਲ ਜਾਂਦੇ ਹਨ। ਰਾਜੇ ਮਹਾਰਾਜੇ ਬਣ ਜਾਂਦੇ ਹਨ। ਆਪਣੇ ਪਿਤਾ ਰਾਜਾ ਖੜਗਸੈਨ ਨੂੰ ਮਿਲਦੇ ਹਨ। ਰਾਜਾ ਖੜਗਸੈਨ ਕਿੰਨੇ ਹੀ ਸਾਲਾਂ ਤੋਂ ਆਪਣੇ ਪਿਆਰੇ ਅਤੇ ਨਿਰਦੋਸ਼ ਪੁੱਤਰਾਂ ਨੂੰ ਮਿਲਦਾ ਹੈ ਤਾਂ ਉਸਨੂੰ ਆਪਣੀ ਗਲਤੀ ਦਾ ਪਛਤਾਵਾ ਤਾਂ ਹੁੰਦਾ ਹੀ ਹੈ ਰੂਪ-ਬਸੰਤ ਦੀ ਮਾਂ ਪਿਆਰੀ ਧਰਮਪਤਨੀ ਰੂਪਾਵਤੀ ਯਾਦ ਆ ਜਾਂਦੀ ਹੈ ਦਰਸ਼ਨ ਭੰਮੇ ਦੋਤਾਰਾ ਛੰਦ ਰਾਹੀਂ ਕਹਿੰਦਾ ਹੈ -
ਯਾਦ ਆਈ ਰਾਣੀ ਦੀ ਤੱਕਿਆ ਜਦੋਂ ਰੂਪ ਦਾ ਚੇਹਰਾ।
ਤੂੰ ਕਹਿੰਦੀ ਹੁੰਦੀ ਸੀ ਪਿਆਰਾ ਰੂਪ ਹੈ ਪੁੱਤਰ ਮੇਰਾ।
ਹੈ ਬਸੰਤ ਤੁਮਾਰਾ ਜੀ ਕਰਦਾ ਥੋਡੇ ਵਾਂਗੂੰ ਤਿਆਰੀ।
ਰਾਜੇ ਦੇ ਹੰਝੂਆਂ ਨੇ ਗਿੱਲੀ ਕਰਤੀ ਵਰਦੀ ਸਾਰੀ।
ਕਿੱਸੇ ਦੇ ਅਖੀਰ ਵਿੱਚ ਨਮੋਸ਼ੀ ਨਾ ਝੱਲ ਸਕਣ ਕਾਰਨ ਰਾਣੀ ਚੰਦਰਾਵਤੀ ਆਤਮ ਹੱਤਿਆ ਕਰ ਲੈਂਦੀ ਹੈ ਰਾਜਾ ਖੜਗਸੈਨ ਅਤੇ ਰੂਪ-ਬਸੰਤ ਅਫਸੋਸ ਕਰਦੇ ਹਨ ਰੱਬੀ ਭਾਣਾ ਮੰਨਕੇ ਅੰਤਮ ਕਿਿਰਆਵਾਂ ਪੂਰੀਆਂ ਕਰਨ ਉਪਰੰਤ ਰੂਪ ਨੂੰ ਮਿਸਰ ਅਤੇ ਬਸੰਤ ਨੂੰ ਸੰਗਲਦੀਪ ਦਾ ਰਾਜ ਤਿਲਕ ਦੇਣ ਉਪਰੰਤ ਰਾਜਾ ਆਪਣੀ ਚੌਥੀ ਅਵਸਥਾ ਜਾਣਕੇ ਹਰੀ-ਭਜਨ ਲਈ ਜੰਗਲਾਂ ਨੂੰ ਚਲਾ ਜਾਂਦਾ ਹੈ ਇਕ ਦੋਹੇ ਵਿੱਚ ਦਰਸ਼ਨ ਭੰਮੇ ਕਿੱਸੇ ਦਾ ਸੁਖਾਂਤ ਕਰਦਾ ਹੈ :-
ਰੂਪ ਜੋ ਰਾਜਾ ਮਿਸਰ ਦਾ ਸੰਗਲਦੀਪ ਬਸੰਤ।
ਪਰਜਾ ਮੌਜਾਂ ਮਾਣਦੀ ਸੁੱਖ ਆਏ ਬੇਅੰਤ।
ਇਸ ਪ੍ਰਸ਼ੰਸਾਯੋਗ ਕਾਰਜ ਲਈ ਦਰਸ਼ਨ ਸਿੰਘ ਭੰਮੇ ਨੂੰ ਬਹੁਤ ਬਹੁਤ ਅਸ਼ੀਰਵਾਦ ਦਿੰਦਾ ਹੋਇਆ ਉਸਦੇ ਸ਼ਾਗਿਰਦ ਗੁਰਦੀਪ ਅਤੇ ਹੁਸਨਦੀਪ ਨੂੰ ਬਹੁਤ ਬਹੁਤ ਪਿਆਰ ਅਤੇ ਵਧਾਈ ਦਿੰਦਾ ਹਾਂ।
ਰੇਵਤੀ ਪ੍ਰਸ਼ਾਦ ਸ਼ਰਮਾਂ
ਪ੍ਰਧਾਨ ਕਵੀਸ਼ਰੀ ਵਿਕਾਸ ਮੰਚ ਰਜਿ:
ਤਲਵੰਡੀ ਸਾਬੋ

Post a Comment

0 Comments